ਮੂਸੇਵਾਲਾ ਕਤਲ ਕੇਸ 'ਚ ਫਾਰਚੂਨਰ ਦੇਣ ਵਾਲਾ ਸਟੱਡ ਫਾਰਮ ਦਾ ਮਾਲਕ ਗ੍ਰਿਫਤਾਰ, 3 ਹੋਰ ਫਰਾਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 30 ਜੂਨ 2022- ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੁਧਿਆਣਾ ਪੁਲਿਸ ਦੇ ਵਲੋਂ ਇੱਕ ਹੋਰ ਮੁਲਜ਼ਮ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਮੁਲਜ਼ਮ ਦੀ ਪਛਾਣ ਸਤਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਤਲਵੰਡੀ ਰਾਏ ਦਾਦੂ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਕੌਸ਼ਤਭ ਸ਼ਰਮਾ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਦੱਸਿਆ ਕਿ, ਮੁਲਜ਼ਮ ਦੇ ਕਬਜ਼ੇ ਵਿੱਚੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅਸਲਾ ਸਪਲਾਈ ਵਿੱਚ ਵਰਤੀ ਫਾਰਚੂਨਰ ਕਾਰ, 1 ਪਿਸਤੌਲ ਦੇਸੀ ਕੱਟਾ 315 ਬੋਰ, 2 ਰੌਂਦ ਜਿੰਦਾ 315 ਬੋਰ ਬਰਾਮਦ ਕੀਤੇ ਗਏ ਹਨ।
ਜਦੋਂਕਿ 3 ਮੁਲਜ਼ਮ ਮਨਦੀਪ ਸਿੰਘ ਉਰਫ ਤੂਫਾਨ ਪੁੱਤਰ ਹਰਭਜਨ ਸਿੰਘ ਵਾਸੀ ਪੂਰਣ ਦਾ ਕੋਠਾ ਬਟਾਲਾ ਜਿਲਾ ਗੁਰਦਾਸਪੁਰ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਮੱਦ ਥਾਣਾ ਖੁਲਚੀਆਂ ਜਿਲਾ ਅੰਮ੍ਰਿਤਸਰ ਅਤੇ ਇੱਕ ਅਣਪਛਾਤਾ ਵਿਅਕਤੀ ਫਰਾਰ ਹੋ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਦੌਰਾਨ ਮਜੀਦ ਪੁੱਛਗਿੱਛ ਦੋਸ਼ੀ ਸਤਬੀਰ ਸਿੰਘ ਨੇ ਮੰਨਿਆ ਕਿ ਮੈਨੂੰ ਸੰਦੀਪ ਸਿੰਘ ਕਾਹਲੋਂ ਉਰਫ ਸੋਨਾ ਵਾਸੀ ਪਿੰਡ ਦੰਦਪੁਰ, ਫਤਿਹਗੜ ਚੂੜੀਆਂ ਅੰਮ੍ਰਿਸਤਰ ਨੇ ਇਹ ਦੇਸੀ ਪਿਸਤੌਲ ਅਤੇ ਰੌਂਦ ਦਿੱਤੇ ਸੀ, ਜਿਸਨੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਆਪਾਂ ਮਰਵਾ ਦਿੱਤਾ ਹੈ, ਸਿੱਧੂ ਮੂਸੇਵਾਲੇ ਦੇ ਸਮਰਥਕਾਂ ਤੋਂ ਤੂੰ ਆਪਣੇ ਬਚਾਅ ਲਈ ਇਹ ਅਸਲਾ ਕੋਲ ਰੱਖ ਕੁਝ ਦਿਨਾਂ ਬਾਅਦ ਹੋਰ ਅਸਲਾ ਤੇ ਐਮਨੇਸ਼ਨ ਤੈਨੂੰ ਦੇ ਦੇਵਾਂਗੇ।
ਸੰਦੀਪ ਸਿੰਘ ਕਾਹਲੋਂ ਉਰਫ ਸੋਨਾ ਅਤੇ ਰਣਜੀਤ ਸਿੰਘ ਵਾਸੀ ਪਿੰਡ ਦੰਦਪੁਰ ਫਤਿਹਗੜ ਚੂੜੀਆਂ ਅੰਮ੍ਰਿਤਸਰ ਨੇ ਮੈਨੂੰ ਕਿਹਾ ਸੀ ਕਿ ਕੁਝ ਦਿਨਾਂ ਵਿੱਚ ਅਸੀਂ ਤੁਹਾਡਾ ਚਾਰਾਂ ਦਾ 10 ਲੱਖ ਰੁਪਏ ਖਰਚ ਕਰਕੇ ਪਾਸਪੋਰਟ ਬਣਵਾ ਦੇਵਾਂਗੇ, ਜਿਸ ਨਾਲ ਤੁਸੀਂ ਗੈਰ ਦੇਸ਼ ਚਲੇ ਜਾਵੋਗੇ ਅਤੇ ਤੁਹਾਨੂੰ ਕੋਈ ਖਤਰਾ ਨਹੀਂ ਹੋਵੇਗਾ।
ਇਹ ਉਕਤਾਨ ਚਾਰੇ ਜਣੇ ਅੰਮ੍ਰਿਤਸਰ ਤੋਂ ਲੁਧਿਆਣਾ ਦੇ ਰਸਤਿਓਂ ਦਿੱਲੀ ਨੂੰ ਜਾ ਰਹੇ ਸੀ, ਜਿਸਤੇ ਸਤਬੀਰ ਸਿੰਘ ਨੂੰ ਸਮੇਤ ਅਸਲਾ ਐਮਨੇਸ਼ਨ ਅਤੇ ਕਾਰ ਫਾਰਚੂਨਰ ਦੇ ਮੁਖਬਰੀ ਪਰ ਕਾਬੂ ਕਰਕੇ ਮੁਕੱਦਮਾ ਨੰਬਰ 139, ਮਿਤੀ 29.06.2022 ਅੱਧ 25/54/59 ਆਰਮਜ਼ ਐਕਟ ਥਾਣਾ ਸਲੇਮਟਾਬਰੀ ਲੁਧਿਆਣਾ ਵਿਖੇ ਦਰਜ ਰਜਿਸਟਰ ਕਰਾਇਆ।
ਦੋਸ਼ੀ ਸਤਬੀਰ ਸਿੰਘ ਪਹਿਲਾਂ ਵੀ ਅਸਲਾ ਸਪਲਾਈ ਕਰਨ ਵਿੱਚ ਮੁਕੱਦਮਾ ਨੰਬਰ 134 ਮਿਤੀ 14.06.2022 ਅ / ਧ 399,402 IPC , 25.54.59 A Act , ਵਾਧਾ ਜੁਰਮ 201 IPC ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿੱਚ ਨਾਮਜ਼ਦ ਦੋਸ਼ੀ ਹੈ, ਜਿਸਨੂੰ ਇਸ ਮੁਕੱਦਮਾ ਵਿੱਚ ਹੀ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ। ਗ੍ਰਿਫਤਾਰ ਦੋਸ਼ੀ ਸਤਬੀਰ ਸਿੰਘ ਘੋੜੀਆਂ / ਘੋੜਿਆਂ ਦੇ ਸਟੱਡ ਫਾਰਮ ਹੈ ਜਿਸ ਪਾਸ 22/23 ਘੋੜੀਆਂ / ਘੜੇ ਹਨ।
ਜਿਸਦੀ ਦੋਸਤੀ ਸੰਦੀਪ ਸਿੰਘ ਕਾਹਲੋਂ ਉਰਫ ਸੋਨਾ ਨਾਲ ਇਸ ਕਰਕੇ ਹੈ, ਕਿਉਂਕਿ ਸੰਦੀਪ ਸਿੰਘ ਕਾਹਲੋਂ ਦਾ ਵੀ ਘੋੜਿਆਂ ਘੋੜੀਆਂ ਦਾ ਸਟੱਡ ਫਾਰਮ ਹੈ, ਜਿਸ ਪਾਸ 5/6 ਘੋੜੀਆਂ / ਘੜੇ ਹਨ, ਜੋ ਪਹਿਲਾਂ ਵੀ ਘੋੜਿਆਂ / ਘੋੜੀਆਂ ਦੀ ਖਰੀਦੋ ਫਰੋਖਤ ਇਕੱਠੇ ਕਰਦੇ ਸਨ। ਸੰਦੀਪ ਸਿੰਘ ਕਾਹਲੋਂ ਉਰਫ ਸੋਨਾ ਜੋ ਕਿ ਬਲਾਕ ਡਵੈਲਪਮੈਂਟ ਐਂਡ ਪੰਚਾਇਤ ਅਫਸਰ ਹਰਗੋਬਿੰਦਪੁਰ ਗੁਰਦਾਸਪੁਰ ਲੱਗਾ ਹੋਇਆ ਹੈ, ਸੰਦੀਪ ਸਿੰਘ ਕਾਹਲੋਂ ਉਰਫ ਸੋਨਾ ਅਤੇ ਰਣਜੀਤ ਸਿੰਘ ਵਾਸੀਆਨ ਪਿੰਡ ਦੰਦਪੁਰ , ਫਤਿਹਗੜ ਚੂੜੀਆਂ ਅੰਮ੍ਰਿਤਸਰ ਨੂੰ ਵੀ ਮੁਕਦਮਾ ਹਜਾ ਵਿੱਚ ਨਾਮਜਦ ਦੋਸ਼ੀ ਕਰਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।