ਖ਼ੋਜੀ ਕੀੜੀਆਂ ਦੇ ਪਹੁੰਚੇ ਉਤਰਾਖੰਡ ਦੇ ਜੰਗਲਾਂ ਤੱਕ
ਜੀ ਐਸ ਪੰਨੂ
ਪਟਿਆਲਾ,30ਜੂਨ,2022 - ਪੰਜਾਬੀ ਯੂਨੀਵਰਸਿਟੀ ਦੇ ਖੋਜੀ ਕੀੜੀਆਂ ਅਤੇ ਤਿੱਤਲੀਆਂ ਦਾ ਪਿੱਛਾ ਕਰਦੇ ਉੱਤਰਾਖੰਡ ਦੇ ਜੰਗਲਾਂ ਤੱਕ ਜਾ ਪਹੁੰਚੇ ਹਨ। ਅਧਿਆਪਕਾਂ ਅਤੇ ਖੋਜਾਰਥੀਆਂ ਦੀ ਟੋਲੀ ਆਪਣੇ ਕੈਮਰੇ ਅਤੇ ਅੰਦਾਜ਼ੇ ਲੈ ਕੇ ਕੀੜੀਆਂ ਅਤੇ ਤਿਤਲੀਆਂ ਬਸੇਰਿਆਂ ਦਾ ਅਧਿਐਨ ਕਰ ਰਹੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਜੀਵ ਵਿਗਿਆਨ ਅਤੇ ਵਾਤਾਵਰਨ ਵਿਭਾਗ ਦੀ ਇੱਕ ਖੋਜ ਟੀਮ ਡਾ. ਹਿਮੇਂਦਰ ਭਾਰਤੀ ਦੀ ਅਗਵਾਈ ਹੇਠ ਉੱਤਰ ਭਾਰਤ ਦੇ ਅਲੱਗ-ਅਲੱਗ ਜੰਗਲਾਂ ਦਾ ਦੌਰਾ ਕਰ ਰਹੀ ਹੈ। ਇਸ ਟੀਮ ਵੱਲੋਂ ਜੀਵ ਵਿਗਿਆਨ ਦੇ ਖੇਤਰ ਵਿੱਚ ਆਪਣੀ ਖੋਜ ਕਰਨ ਲਈ ਵੱਖ-ਵੱਖ ਜੀਵ ਜੰਤੂਆਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਸੰਬੰਧੀ ਨਮੂਨੇ ਅਤੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ ਜੋ ਕਿ ਭਵਿੱਖ ਵਿੱਚ ਇਸ ਟੀਮ ਵੱਲੋਂ ਕੀਤੀਆਂ ਜਾਣ ਵਾਲੀਆਂ ਖੋਜਾਂ ਦਾ ਆਧਾਰ ਬਣਨਗੇ।
ਇਸ ਟੀਮ ਵਿੱਚ ਡਾ. ਹਿਮੇਂਦਰ ਭਾਰਤੀ ਤੋਂ ਇਲਾਵਾ ਪੰਜ ਮੈਂਬਰ ਸ਼ਾਮਿਲ ਹਨ ਜਿਨ੍ਹਾਂ ਵਿੱਚ ਡਾ. ਮੀਨਾਕਸ਼ੀ ਭਾਰਤੀ, ਹਰਮਨਬੀਰ ਕੌਰ ਰੰਧਾਵਾ, ਰਾਕੇਸ਼ਵਰ ਕਪੂਰ, ਪਰਵਿੰਦਰ ਸਿੰਘ ਅਤੇ ਰਾਧਾ ਬਰਵੇ ਸ਼ਾਮਿਲ ਹਨ। ਇਹ ਟੀਮ ਤਕਰੀਬਨ ਦੋ ਹਫ਼ਤੇ ਲਈ ਇਸ ਦੌਰੇ ਉੱਤੇ ਹੈ।
ਹਰਮਨਬੀਰ ਕੌਰ ਰੰਧਾਵਾ ਨੂੰ ਇਸ ਵਾਰ 'ਇੰਸਪਾਇਰ' ਫ਼ੈਲੋਸਿ਼ਪ ਮਿਲੀ ਹੈ ਜਿਸ ਵਿੱਚ ਆਪਣੇ ਵਿਭਾਗ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ।
ਇਸ ਟੀਮ ਦਾ ਕਹਿਣਾ ਹੈ ਕਿ ਇਹ ਸਾਰੀਆਂ ਮਹੱਤਵਪੂਰਨ ਪ੍ਰਜਾਤੀਆਂ ਦੀ ਖੋਜ ਅਤੇ ਉਹਨਾਂ ਦੀ ਵਾਤਾਵਰਨ ਵਿੱਚ ਕੀ ਅਹਿਮਿਅਤ ਹੈ, ਬਾਰੇ ਦਸਤਾ ਵੇਜ਼ੀਕਰਨ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਖੋਜ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਡਾ. ਹਿਮੇਂਦਰ ਭਾਰਤੀ ਵੱਲੋਂ ਦੱਸਿਆਂ ਗਿਆਂ ਕਿ ਮੌਜ਼ੂਦਾ ਸਮੇਂ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਦਖ਼ਲਅੰਦਾਜ਼ੀ ਨੇ ਸਾਨੂੰ ਛੇਵੇਂ ਪੁੰਜ ਵਿਨਾਸ਼ ਵਾਲੀ ਸਥਿਤੀ ਵੱਲ ਧੱਕ ਦਿੱਤਾ ਹੈ। ਹਾਲਾਤ, ਇੱਥੇ ਤੱਕ ਆ ਗਏ ਹਨ ਕਿ ਬਹੁਤ ਸਾਰੇ ਜੀਵ-ਜੰਤੂ ਅਤੇ ਪੌਦੇ ਬਿਨ੍ਹਾਂ ਰਿਕਾਰਡ ਹੋਏ ਹੀ ਲੁਪਤ ਹੋ ਜਾਣਗੇ ਅਤੇ ਇਹਨਾਂ ਪ੍ਰਜਾਤੀਆਂ ਦੀ ਮਨੁੱਖੀ ਬਚਾਅ ਵਿੱਚ ਕੀ ਭੂਮਿਕਾ ਹੈ ਇਸ ਬਾਰੇ ਜਾਨਣਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ।
ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਹਿਮੇਂਦਰ ਭਾਰਤੀ ਉੱਘੇ ਜੀਵ ਵਿਗਿਆਨੀ ਹਨ ਜਿਨ੍ਹਾਂ ਵੱਲੋਂ ਕੀੜੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਉੱਪਰ ਕੀਤੇ ਗਏ ਕਾਰਜ ਨੂੰ ਕੌਮਾਂਤਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਗਏ 'ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਪ੍ਰੋਫ਼ੈਸਰ ਬਣਾਇਆ ਗਿਆ ਹੈ।ਪ੍ਰੋ. ਹਿਮੇਂਦਰ ਭਾਰਤੀ ਆਪਣੇ ਅਧਿਐਨ ਦੇ ਖੇਤਰ ਵਿੱਚ ਨਾਮੀ ਖੋਜੀ ਹਨ।