ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਔਰਤ ਦਾ ਪਰਸ ਖੋਹ ਕੇ ਭੱਜਣ ਵਾਲਿਆਂ ਵਿੱਚੋਂ ਇੱਕ ਕਾਬੂ, ਪਰਚਾ ਦਰਜ
ਦੀਪਕ ਜੈਨ
ਜਗਰਾਉਂ, 30 ਜੂਨ 2022 - ਅੱਜ ਕੱਲ੍ਹ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹ ਚਿੱਟੇ ਦਿਨ ਭਰੇ ਬਾਜ਼ਾਰ ਵਿੱਚ ਬਿਨਾਂ ਖ਼ੌਫ ਖਾਧੇ ਦੇ ਰਹੇ ਨੇ ਲੁੱਟਾਂ ਨੂੰ ਅੰਜਾਮ । ਅੱਜ ਜਗਰਾਉਂ ਦੇ ਮਸ਼ਹੂਰ ਸ਼ਿਵ ਮੰਦਰ ਬਾਬਾ ਸ਼ਿਵਾਲਕ ਦੇ ਸਾਹਮਣੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਕ ਔਰਤ ਤੋਂ ਉਸ ਦਾ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਇਕ ਨੂੰ ਕਾਬੂ ਕਰ ਲਿਆ ਗਿਆ।
ਇਕੱਤਰ ਜਾਣਕਾਰੀ ਮੁਤਾਬਕ ਪਰਸ ਖੋਹਣ ਤੋਂ ਬਾਅਦ ਉਸ ਔਰਤ ਵੱਲੋਂ ਰੌਲਾ ਪਾਉਣ ਤੇ ਕੋਲ ਦੀ ਲੰਘ ਰਹੇ ਮੋਟਰਸਾਈਕਲ ਸਵਾਰ ਪੱਤਰਕਾਰ ਚਰਨਜੀਤ ਸਿੰਘ ਚੰਨ ਨੇ ਜਦੋਂ ਔਰਤਾਂ ਰੌਲਾ ਸੁਣਿਆ ਤਾਂ ਤੁਰੰਤ ਪਰਸ ਖੋਹ ਕੇ ਭੱਜ ਰਹੇ ਲੁਟੇਰਿਅਾਂ ਨੂੰ ਦੇਖ ਕੇ ਉਨ੍ਹਾਂ ਮਗਰ ਮੋਟਰਸਾਈਕਲ ਲਗਾ ਦਿੱਤਾ। ਲੁਟੇਰੇ ਸੁਭਾਸ਼ ਗੇਟ ਤੋਂ ਸਰਾਂ ਵੱਲ ਹੁੰਦੇ ਹੋਏ ਮੰਦਰ ਵਾਲੀ ਗਲੀ ਵਿਚ ਦੀ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਵੱਲ ਦੀ ਭੱਜਣ ਲੱਗੇ, ਇਸ ਦੌਰਾਨ ਪੱਤਰਕਾਰ ਨੇ ਉਨ੍ਹਾਂ ਨੂੰ ਰੁਕਣ ਲਈ ਧਮਕਾਇਆ ਤਾਂ ਇਕ ਲੁਟੇਰੇ ਵੱਲੋਂ ਦੂਸਰੇ ਲੁਟੇਰੇ ਨੂੰ ਕਿਹਾ ਗਿਆ ਕਿ ਮਾਰ ਇਸ ਦੇ ਖੰਡਾ ਪਰ ਪੱਤਰਕਾਰ ਨੇ ਦਲੇਰੀ ਦਿਖਾਉਂਦੇ ਹੋਏ ਬਿਨਾਂ ਡਰ ਤੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ।
ਜਦੋਂ ਲੁਟੇਰਿਆਂ ਦਾ ਮੋਟਰਸਾਈਕਲ ਚੁੰਗੀ ਨੰਬਰ ਪੰਜ ਕੋਲ ਪਹੁੰਚਿਆ ਤਾਂ ਪੱਤਰਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਮੋਟਰ ਸਾਈਕਲ ਡਿੱਗਣ ਤੇ ਇਕ ਲੁਟੇਰਾ ਜਿਸ ਕੋਲ ਖੰਡਾ ਸੀ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ, ਉਸਦੇ ਦੂਸਰੇ ਸਾਥੀ ਨੂੰ ਇਕ ਹੋਰ ਨੌਜਵਾਨ ਨੇ ਹੱਥੋਪਾਈ ਕਰਕੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਚਲਾਕੀ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਵਿੱਚੋਂ ਇੱਕ ਲੁਟੇਰੇ ਨੂੰ ਪੱਤਰਕਾਰ ਨੇ ਕਾਬੂ ਕਰ ਲਿਆ।
ਇਸ ਮੌਕੇ ਸਥਾਨਕ ਲੋਕਾਂ ਵੱਲੋਂ ਫੜੇ ਗਏ ਲੁਟੇਰੇ ਦੀ ਕੁੱਟਮਾਰ ਕੀਤੀ ਗਈ । ਪੁਲੀਸ ਵੱਲੋਂ ਪੈਟਰੋਲਿੰਗ ਕਰਦਾ ਪੀ. ਸੀ. ਆਰ. ਮੋਟਰਸਾਈਕਲ ਮੌਕੇ ਤੇ ਪਹੁੰਚ ਗਿਆ। ਪੀ. ਸੀ. ਆਰ. ਦੇ ਮੁਲਾਜ਼ਮਾਂ ਨੇ ਬੜੀ ਸੂਝ ਬੂਝ ਨਾਲ ਲੁਟੇਰੇ ਨੂੰ ਲੋਕਾਂ ਦੀ ਕੁੱਟਮਾਰ ਤੋਂ ਬਚਾਉਂਦੇ ਹੋਏ ਕਾਬੂ ਕਰ ਕੇ ਥਾਣਾ ਸਿਟੀ ਜਗਰਾਉਂ ਨੂੰ ਸੂਚਨਾ ਦੇ ਕੇ ਹੋਰ ਮੁਲਾਜ਼ਮਾਂ ਨੂੰ ਬੁਲਾ ਕੇ ਲੁਟੇਰੇ ਤੇ ਉਸ ਦੇ ਮੋਟਰਸਾਈਕਲ ਨੂੰ ਥਾਣਾ ਸਿਟੀ ਜਗਰਾਉਂ ਵਿਖੇ ਲੈ ਗਏ।
ਇਸ ਮੌਕੇ ਪੱਤਰਕਾਰ ਵੱਲੋਂ ਦਿਖਾਈ ਗਈ ਦਲੇਰੀ ਦੀ ਲੋਕਾਂ ਵੱਲੋਂ ਬਹੁਤ ਪ੍ਰਸੰਸਾ ਕੀਤੀ ਗਈ । ਥਾਣਾ ਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਲੁਟੇਰੇ ਜਿਸ ਨੇ ਆਪਣਾ ਨਾਮ ਮਨਦੀਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਹਾਂਸ ਕਲਾਂ ਦੱਸਿਆ। ਪੁਲੀਸ ਨੇ ਮਨਦੀਪ ਸਿੰਘ ਤੇ ਉਸ ਦੇ ਲੁਟੇਰੇ ਦੋ ਸਾਥੀਆਂ ਤੇ ਮੁਕੱਦਮਾ ਨੰਬਰ 106 ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲੀਸ ਨੇ ਦੱਸਿਆ ਕਿ ਬਾਕੀ ਫਰਾਰ ਲੁਟੇਰਿਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗ ।