ਸਰਦੂਲਗੜ੍ਹ ਪੁਲਿਸ ਨੇ ਅੰਨੇ ਕਤਲ ਦਾ ਮੁਕੱਦਮਾ ਟਰੇਸ ਕਰਕੇ 2 ਮੁਲਜ਼ਮਾਂ ਨੂੰ ਕੀਤਾ ਕਾਬੂ
ਸੰਜੀਵ ਜਿੰਦਲ
ਮਾਨਸਾ, 30 ਜੂਨ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 06-06-2022 ਨੂੰ ਸੂਆ ਬਾ-ਹੱਦ ਪਿੰਡ ਧਿੰਗਾਣਾ ਦੇ ਚਲਦੇ ਪਾਣੀ ਵਿੱਚੋ ਇੱਕ ਨਾ-ਮਾਲੂਮ ਨੌਜਵਾਨ ਦੀ ਲਾਸ਼ ਮਿਲਣ ਤੇ ਨਾ-ਮਾਲੂਮ ਵਿਅਕਤੀਆ ਤੇ ਦਰਜ਼ ਹੇਏ ਅਨਟਰੇਸ ਮੁਕੱਦਮੇ ਨੂੰ ਪੁਲਿਸ ਵੱਲੋਂ ਕੁਝ ਹੀ ਦਿਨਾ ਵਿੱਚ ਟਰੇਸ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ । ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨਾਂ ਦੀ ਨਿਸ਼ਾਨ ਦੇਹੀ ਪਰ ਵਾਰਦਾਤ ਸਮੇ ਵਰਤੀ ਕਾਰ ਮਾਰਕਾ ਮਾਰੂਤੀ ਰੰਗ ਚਿੱਟਾ, ਮ੍ਰਿਤਕ ਦਾ ਮੋਟਰਸਾਈਕਲ, ਸਪੋਰਟਸ ਬੂਟ ਅਤੇ ਮੋਬਾਇਲ ਫੋਨ ਨੂੰ ਬਰਾਮਦ ਕਰਕੇ ਕਬਜ਼ੇ ਪੁਲਿਸ ਵਿੱਚ ਲਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਮੁਦੱਈ ਕੁਲਦੀਪ ਸਿੰਘ ਪੰਚ ਵਾਸੀ ਲੋਹਗੜ ਨੇ ਥਾਣਾ ਸਰਦੂਲਗੜ੍ਹ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਮਿਤੀ 06-06-2022 ਉਹ ਅਤੇ ਗੁਰਦੀਪ ਸਿੰਘ ਪੰਚ ਸੈਰ ਕਰਨ ਲਈ ਆਪਣੇ ਪਿੰਡ ਤੋ ਪੁਲ ਘੱਗਰ ਪਿੰਡ ਭਗਵਾਨਪੁਰ ਹੀਂਗਣਾ ਵੱਲ ਪੈਦਲ ਗਏ ਸੀ ਤਾਂ ਉਨਾ ਨੂੰ ਸੂਆ ਬਾਹੱਦ ਪਿੰਡ ਧਿੰਗਾਣਾ ਵਿੱਚ ਨੌਜਵਾਨ ਵਿਅਕਤੀ ਦੀ ਲਾਸ਼ ਮੂਧੇ ਮੂੰਹ ਘਾਹ-ਫੂਸ ਵਿੱਚ ਰੁਕੀ ਪਈ ਦਿਖਾਈ ਦਿੱਤੀ, ਜਿਸ ਨੂੰ ਪਾਣੀ ਵਿੱਚੋ ਬਾਹਰ ਕੱਢ ਕੇ ਦੇਖਿਆ ਤਾ 25-26 ਸਾਲ ਦੇ ਨਾ-ਮਾਲੂਮ ਨੌਜਵਾਨ ਦੇ ਗਲ ਨੂੰ ਸਫੈਦ ਚੁੰਨੀ ਨਾਲ ਘੁੱਟ ਕੇ ਬੰਨਿਆ ਹੋਇਆ ਸੀ ਅਤੇ ਇਸਦੇ ਚਿੱਟੇ ਰੰਗ ਦੀ ਬਨੈਣ ਪਾਈ ਹੋਈ ਸੀ ਅਤੇ ਸਰੀਰ ਤੇ ਕੋਈ ਵੀ ਹੋਰ ਕੱਪੜਾ ਨਹੀ ਸੀ । ਜਿਸਤੇ ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 94 ਮਿਤੀ 06-06-2022 ਅ/ਧ 302, 201 ਹਿੰ:ਦੰ: ਥਾਣਾ ਸਰਦੂਲਗੜ੍ਹ ਬਰ-ਖਿਲਾਫ ਨਾ-ਮਾਲੂਮ ਵਿਅਕਤੀ ਦਰਜ ਰਜਿਸਟਰ ਕੀਤਾ ਗਿਆ ।
ਪੁਸਪਿੰਦਰ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਸਰਦੂਲਗੜ੍ਹ ਦੀ ਨਿਗਰਨੀ ਹੇਠ ਇੰਸਪੈਕਟਰ ਵਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਸਮੇਤ ਪੁਲਿਸ ਪਾਰਟੀ ਵੱਲੋਂ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਦੌਰਾਨੇ ਤਫਤੀਸ਼ ਮ੍ਰਿਤਕ ਦੇ ਚਾਚੇ ਜੀਤ ਸਿੰਘ ਵਾਸੀ ਹਜਰਾਵਾ ਖੁਰਦ , ਫਤਿਆਬਾਦ ਵੱਲੋ ਮ੍ਰਿਤਕ ਦੀਆ ਫੋਟੋਆ ਦੀ ਪਛਾਣ ਕਰਨ ਤੇ ਨਾ-ਮਾਲੂਮ ਮ੍ਰਿਤਕ ਨੌਜਵਾਨ ਦੀ ਸਨਾਖਤ ਵਿਸ਼ਾਲ ਉਰਫ ਵਿਸ਼ੂ ਪੁੱਤਰ ਬੰਸੀ ਲਾਲ ਵਾਸੀ ਹਜਰਾਵਾ ਵਜੋਂ ਕੀਤੀ ਗਈ ਅਤੇ ਮਿਤੀ 23-6-2022 ਨੂੰ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀਆਨ ਬੀਰਾਬੱਧੀ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰਕੇ ਜੁਰਮ ਅ/ਧ 34 ਹਿੰ:ਦੰ: ਦਾ ਵਾਧਾ ਕੀਤਾ ਗਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਮਿਤੀ 25-06-2022 ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਨ ਉਪਰੰਤ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ ਵਾਰਦਾਤ ਸਮੇ ਵਰਤੀ ਕਾਰ ਮਾਰਕਾ ਮਾਰੂਤੀ ਰੰਗ ਚਿੱਟਾ ਨੰਬਰੀ PB18 K 200 ਅਤੇ ਮ੍ਰਿਤਕ ਦੇ ਸਪੋਰਟਸ ਬੂਟ, ਮੋਬਾਇਲ ਫੋਨ ਸੈਮਸੰਗ ਅਤੇ ਮੋਟਰਸਾਈਕਲ ਮਾਰਕਾ H.F DELUX ਨੰਬਰੀ HR 23 K 3364 ਨੂੰ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ।
ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਵਿਸ਼ਾਲ ਉਰਫ ਵਿਸ਼ੂ ਦੀ ਮਾਤਾ ਸੁਖਪ੍ਰੀਤ ਕੋਰ ਆਪਣੇ ਪਤੀ ਦੀ ਮੌਤ ਤੋ ਬਾਅਦ ਆਪਣਾ ਘਰ -ਪਰਿਵਾਰ ਛੱਡ ਕੇ ਦੋਸ਼ੀ ਗੁਰਪ੍ਰੀਤ ਸਿੰਘ ਨਾਲ ਲਗਭਗ ਪਿਛਲੇ 6 ਸਾਲ ਤੋ ਰਹਿਣ ਲੱਗ ਪਈ ਸੀ । ਵਿਸ਼ਾਲ ਉਰਫ ਵਿਸ਼ੂ ਵੀ ਆਪਣੀ ਮਾਤਾ ਅਤੇ ਗੁਰਪ੍ਰੀਤ ਸਿੰਘ ਪਾਸ ਆਉਦਾ ਜਾਂਦਾ ਸੀ ਅਤੇ ਗੁਰਪ੍ਰੀਤ ਸਿੰਘ ਤੋਂ ਅਕਸਰ ਹੀ ਪੈਸਿਆ ਦੀ ਮੰਗ ਕਰਦਾ ਰਹਿੰਦਾ ਸੀ, ਗੁਰਪ੍ਰੀਤ ਸਿੰਘ ਵੱਲੋ ਪੈਸੇ ਨਾ ਦੇਣ ਤੇ ਮ੍ਰਿਤਕ ਵਿਸ਼ਾਲ ਉਰਫ ਵਿਸ਼ੂ ਦੀ ਮਾਤਾ ਵੀ ਗੁਰਪ੍ਰੀਤ ਸਿੰਘ ਨਾਲ ਲੜਾਈ ਝਗੜਾ ਕਰਦੀ ਸੀ ਜਿਸ ਕਰਕੇ ਗੁਰਪ੍ਰੀਤ ਸਿੰਘ ਵਿਸ਼ਾਲ ਉਰਫ ਵਿਸ਼ੂ ਨਾਲ ਖਾਰ ਖਾਂਦਾ ਸੀ । ਇਸੇ ਰੰਜਿਸ ਕਰਕੇ ਗੁਰਪ੍ਰੀਤ ਸਿੰਘ ਨੇ ਆਪਣੇ ਦੋਸਤ ਰਣਜੀਤ ਸਿੰਘ ਨਾਲ ਮਿਲਕੇ ਵਿਸ਼ਾਲ ਉਰਫ ਵਿਸ਼ੂ ਦਾ ਕਤਲ ਕਰ ਦਿੱਤਾ ।