ਅਗਨੀਪਥ ਸਕੀਮ ਤੁਰੰਤ ਵਾਪਸ ਲਈ ਜਾਵੇ ; ਤਰਕਸ਼ੀਲ ਸੁਸਾਇਟੀ ਬਠਿੰਡਾ ਨੇ ਕੀਤੀ ਮੰਗ
ਬਠਿੰਡਾ, 2 ਜੁਲਾਈ, 2022: ਤਰਕਸ਼ੀਲ ਸੁਸਾਇਟੀ ਜ਼ੋਨ ਬਠਿੰਡਾ ਨੇ ਭਾਰਤ ਸਰਕਾਰ ਦੀ ਅਗਨੀਪੱਥ ਸਕੀਮ ਅਧੀਨ ਫੌਜ ਵਿਚ ਚਾਰ ਸਾਲ ਲਈ ਅਗਨੀਵੀਰ ਭਰਤੀ ਕਰਨ ਦੀ ਨੀਤੀ ਨੂੰ ਦੇਸ਼ ਲਈ ਅਤਿ ਘਾਤਕ ਦੱਸਦੇ ਹੋਏ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਬਠਿੰਡਾ ਜ਼ੋਨ ਦੇ ਆਗੂਆਂ ਗਗਨ ਰਾਮਪੁਰਾ ਬਲਰਾਜ ਸਿੰਘ ਜੰਟਾ ਸਿੰਘ ਰਾਮ ਸਿੰਘ ਜਗਦੀਸ਼ ਸਿੰਘਪੂਰਾ ਨੇ ਕਿਹਾ ਕਿ ਇਕ ਪਾਸੇ ਦੇਸ਼ ਦਾ ਸੁਰੱਖਿਆ ਖਰਚ ਸਭ ਹੱਦ ਬੰਨੇ ਟੱਪ ਗਿਆ ਹੈ ਅਤੇ ਦੇਸ਼ ਲਗਾਤਾਰ ਅਤਿ ਆਧੁਨਿਕ ਬਹੁਤ ਮਹਿੰਗੇ ਹਥਿਆਰਾਂ ਦੀ ਖ਼ਰੀਦ ਦੀ ਹੋੜ ਵਿੱਚ ਸ਼ਾਮਿਲ ਹੈ। ਦੂਜੇ ਪਾਸੇ ਫ਼ੌਜ ਦੀ ਇਸ ਤਰ੍ਹਾਂ ਦੀ ਭਰਤੀ ਫੌਜੀਆਂ ਦੇ ਆਰਥਿਕ ਸ਼ੋਸ਼ਣ ਤੋਂ ਵੀ ਵੱਡੀ ਸਾਜ਼ਿਸ਼ ਹੈ। ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੀ ਆਰਥਿਕ ਹਾਲਤ ਵਿਚ ਕਿਸੇ ਬਲੈਕ ਸਵੈਨ ਘਟਨਾ ਦੀ ਚਿਤਾਵਨੀ ਦਿੱਤੀ ਹੈ , ਭੋਜਨ ਸੰਕਟ ਪੂਰੀ ਦੁਨੀਆਂ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਹਾਲਾਤ ਵਿਚ ਦੇਸ਼ ਦੇ ਲੋਕ ਭਾਰੀ ਬੇਚੈਨੀ ਵਿੱਚ ਕਾਰਪੋਰੇਟ ਸਾਮਰਾਜ ਦੀ ਲੁੱਟ ਨੂੰ ਚੁਣੌਤੀ ਦੇਣ ਲਈ ਸੜਕਾਂ ਤੇ ਆਉਣਗੇ। ਇਸ ਸਮਾਜਿਕ ਹਾਲਾਤ ਵਿਚ ਚਾਰ ਸਾਲ ਬਾਅਦ ਫ਼ੌਜ ਸਿਖਲਾਈ ਪ੍ਰਾਪਤ ਇਹ ਫੌਜੀ ਵੀਰ ਆਰਥਿਕ ਮਜਬੂਰੀਆਂ ਦੇ ਚੱਲਦੇ ਕਾਰਪੋਰੇਟ ਘਰਾਣਿਆਂ ਦੀ ਨਿੱਜੀ ਸੁਰੱਖਿਆ ਲਈ ਉਪਲੱਬਧ ਹੋਣਗੇ । ਦੂਜੇ ਪਾਸੇ ਕਿਸੇ ਬਾਹਰੀ ਹਮਲੇ ਸਮੇਂ ਅਗਨੀ ਵੀਰਾਂ ਦੇ ਮੁਕਾਬਲੇ ਹਮਲਾਵਰ ਦੇਸ਼ ਦੇ ਪੱਕੇ ਰੁਜ਼ਗਾਰ ’ਤੇ ਲੱਗੇ ਵੱਧ ਸਾਲਾਂ ਦੀ ਸਿਖਲਾਈ ਅਤੇ ਕਈ ਵੱਧ ਸਾਲਾ ਦਾ ਤਜਰਬਾ ਰੱਖਣ ਵਾਲੇ ਫ਼ੌਜੀ ਕਿਤੇ ਬਿਹਤਰ ਹੋਣਗੇ । ਇਸ ਤਰ੍ਹਾਂ, ਸੁਰੱਖਿਆ ਲਈ ਇਹ ਖ਼ਤਰਾ ਖਡ਼੍ਹਾ ਕਰਨਾ ਪੂਰੀ ਤਰ੍ਹਾਂ ਸਾਜਸ਼ੀ ਪ੍ਰਤੀਤ ਹੁੰਦਾ ਹੈ।ਤੀਸਰਾ ਦੇਸ਼ ਵਿੱਚ ਪੈਦਾ ਕੀਤੇ ਜਾ ਰਹੇ ਫ਼ਿਰਕੂ ਹਾਲਾਤਾਂ ਵਿਚ ਇਨ੍ਹਾਂ ਅਗਨੀ ਵੀਰ ਫ਼ੌਜੀਆਂ ਦੀ ਗ਼ਲਤ ਵਰਤੋਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਚੌਥਾ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੇ ਵਿਕਾਸ ਦੇ ਚਲਦੇ ਰੋਬੋਟਿਕ ਫੌਜੀਆਂ ਦੀ ਤਿਆਰੀ ਦੀ ਸੰਭਾਵਨਾ ਹੈ । ਜੇਕਰ ਆਮ ਇਨਸਾਨੀ ਫੌਜੀਆਂ ਦੀ ਥਾਂ ਰੋਬੋਟਿਕ ਫੌਜੀਆ ਨੇ ਲੈ ਲਈ ਤਾਂ ਇਹ ਬਹੁਤ ਹੀ ਖਤਰਨਾਕ ਹੋ ਜਾਵੇਗਾ । ਇਹ ਰੋਬੋਟਿਕ ਫੌਜੀ ਸਰਕਾਰ ਦੇ ਕਿਸੇ ਵੀ ਤਰ੍ਹਾਂ ਦੇ ਹੁਕਮ ਨੂੰ ਮੰਨਣਗੇ ਅਤੇ ਜਿਸ ਨਾਲ ਪੂਰੀ ਤਾਨਾਸ਼ਾਹੀ ਸਥਾਪਤ ਹੋ ਜਾਵੇਗੀ । ਦੇਸ਼ ਵਿਚ ਇਸ ਸਕੀਮ ਦੇ ਹੋ ਰਹੇ ਭਾਰੀ ਵਿਰੋਧ ਦੇ ਚੱਲਦੇ ਸਰਕਾਰ ਦੇਸ਼ ਦੇ ਲੋਕਾਂ ਦਾ ਧਿਆਨ ਸਾਜ਼ਸ਼ੀ ਢੰਗ ਨਾਲ ਹੋਰ ਮੁੱਦਿਆਂ ਉੱਪਰ ਕੇਂਦਰਿਤ ਕਰ ਰਹੀ ਹੈ ।