ਨਿਊਜ਼ੀਲੈਂਡ: ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 4 ਜੁਲਾਈ ਤੋਂ ਕੰਮਾਂ ਵਾਲੇ ਵੀਜ਼ੇ ਦੀਆਂ ਅਰਜ਼ੀਆਂ ਖੁੱਲ੍ਹਣਗੀਆਂ
ਉਡੀਕਦੇ ਸੀ ਚਾਰ ਜੁਲਾਈ-ਭਰਨਗੇ ਕਾਗਜ਼ ਜਿਨ੍ਹਾਂ ਕਰਨੀ ਕਮਾਈ
ਹਰਜਿੰਦਰ ਸਿੰਘ ਬਸਿਆਲਾ-ਬਾਬੂਸ਼ਾਹੀ ਨੈਟਵਰਕ
ਔਕਲੈਂਡ 02 ਜੁਲਾਈ 2022: ਨਿਊਜ਼ੀਲੈਂਡ ਦੇ ਵਿਚ ਲਗਪਗ ਹਰ ਖੇਤਰ ਦੇ ਵਿਚ ਕਾਮਿਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪੈਸੇਫਿਕ ਲੋਕਾਂ ਦੇ ਲਈ ਨਿਊਜ਼ੀਲੈਂਡ ਵਿਖੇ ਆ ਕੇ ਕੰਮ ਕਰਨ ਲਈ ਅਰਜ਼ੀਆਂ ਦੀ ਸ਼ੁਰੂਆਤ ਇਸ ਸਾਲ 16 ਮਈ ਨੂੰ ਕਰ ਦਿੱਤੀ ਗਈ ਸੀ ਪਰ ਬਾਕੀ ਦੇਸ਼ਾਂ ਦੇ ਲਈ ਇਹ 4 ਜੁਲਾਈ 2022 ਤੋਂ ਸ਼ੁਰੂ ਹੋਣ ਜਾ ਰਹੀ ਹੈ। ਸਾਰੀਆਂ ਹੀ ਸ਼੍ਰੇਣੀਆਂ ਦੇ ਕੰਮ ਵਾਲੇ ਵੀਜ਼ੇ ਦੀਆਂ ਅਰਜ਼ੀਆਂ ਸੋਮਵਾਰ ਚਾਰ ਜੁਲਾਈ ਤੋਂ ਲਈਆਂ ਜਾਣਗੀਆਂ ਜਿਸ ਦੇ ਵਿਚ ਮਾਨਤਾ ਪ੍ਰਾਪਤ ਰੁਜ਼ਗਾਰ ਦਾਤਾ (ਐਕਰੀਡਿਟਡ ਇੰਪਲਾਇਰ ਰਾਹੀਂ ਮਿਲਣ ਵਾਲੇ ਵੀਜ਼ੇ) ਵੀ ਸ਼ਾਮਿਲ ਹਨ। ਇਥੇ ਔਸਤਨ ਤਨਖਾਹ ਦਰ ਲਾਗੂ ਰਹੇਗੀ। ਸਰਕਾਰ ਵੱਲੋਂ ਬਣਾਈ ਗ੍ਰੀਨ ਲਿਸਟ ਕੰਮਕਾਰ (ਲੋੜੀਂਦੇ ਕਾਮਿਆਂ ਦੀ ਲਿਸਟ) ਮਾਨਤਾ ਪ੍ਰਾਪਤ ਰੁਜ਼ਗਾਰ ਦਾਤਾਵਾਂ ਲਈ ਕਾਫੀ ਸਹਾਈ ਹੋਵੇਗੀ ਜੋ ਕਿ ਪ੍ਰਵਾਸੀ ਲੋਕਾਂ ਨੂੰ ਮੰਗਵਾ ਸਕਣਗੇ। ਗ੍ਰੀਨ (ਹਰਾ) ਰੰਗ ਦਰਸਾਉਂਦਾ ਹੈ ਕਿ ਇਹ ਰਾਹ ਪੱਕੇ ਹੋਣ ਲਈ ਸਹੀ ਹੈ।
ਵਰਕ ਟੂ ਰੈਜੀਡੈਂਸ ਵਾਲੇ ਜਿਹੜੇ 9 ਮਈ ਨੂੰ ਇਥੇ ਸਨ ਅਤੇ ਜਿਨ੍ਹਾਂ ਦੇ ਵੀਜ਼ੇ 31 ਦਸੰਬਰ ਨੂੰ ਖਤਮ ਹੋ ਰਹੇ ਹਨ, ਉਨ੍ਹਾਂ ਦੇ ਵੀਜ਼ੇ 6 ਮਹੀਨਿਆਂ ਵਾਸਤੇ ਵਧਾਏ ਗਏ ਹਨ ਅਤੇ 2 ਸਾਲ ਸਾਲ ਦਾ ਓਪਨ ਵਰਕ ਵੀਜ਼ਾ ਵੀ ਇਸ਼ੈਂਸ਼ੀਅਲ ਸਕਿੱਲ, ਪੋਸਟ ਸਟੱਡੀ ਵਰਕ ਅਤੇ ਪਾਰਟਨਰ ਆਫ ਏ ਨਿਊਜ਼ੀਲੈਂਡ ਵਰਕ ਵੀਜ਼ਾ ਹੋਲਡਰ ਨੂੰ ਦਿੱਤਾ ਜਾ ਰਿਹਾ ਹੈ। ਸਰਕਾਰ ਅਜਿਹੀਆਂ ਸਕੀਮਾਂ ਲਾ ਕੇ ਇਥੇ ਮਾਹਿਰ ਕਾਮਿਆਂ ਦੀ ਪੂਰਤੀ ਕਰਨਾ ਚਾਹੁੰਦੀ ਹੈ। ਸਤੰਬਰ ਮਹੀਨੇ ਪਾਥਵੇਅਜ਼ ਟੂ ਰੈਜ਼ੀਡੈਂਸ ਅਧੀਨ ਗ੍ਰੀਨ ਲਿਸਟ ਵਾਲੇ ਕਾਮਿਆ ਲਈ ਲਾਗੂ ਹੋਵੇਗੀ ਜਾਂ ਜਿਹੜੀ ਔਸਤਨ ਤੋਂ ਦੁੱਗਣੀ ਤਨਖਾਹ ਉਤੇ ਕੰਮ ਕਰ ਰਹੇ ਹੋਣ। ਦਸੰਬਰ ਮਹੀਨੇ ਤੋਂ ਅਸਥਾਈ ਕਾਮਿਆਂ ਨੂੰ ਮਾਨਤਾ ਪ੍ਰਾਪਤ ਰੁਜ਼ਗਾਰ ਦਾਤਾਵਾਂ ਲਈ ਸੈਟ ਕੀਤੇ ਨਿਯਮਾਂ ਅਧੀਨ ਵਰਕ ਵੀਜ਼ਾ ਮਿਲਿਆ ਕਰੇਗਾ ਅਤੇ ਆਪਣੇ ਆਪ ਮਿਲਣ ਵਾਲਾ ਓਪਨ ਵਰਕ ਵੀਜ਼ਾ ਖਤਮ ਹੋਵੇਗਾ। ਸੋ ਜਿਹੜੇ 4 ਜੁਲਾਈ ਉਡੀਕਦੇ ਸੀ ਅਤੇ ਕਮਾਈ ਕਰਨ ਵਾਸਤੇ ਕੰਮ ਵਾਲੇ ਵੀਜ਼ੇ ਲਈ ਟ੍ਰਾਈ ਕਰਨਾ ਚਾਹੁੰਦੇ ਸੀ, ਉਹ ਸਮਾਂ ਹੁਣ ਆ ਗਿਆ ਹੈ। ਵਿਦਿਆਰਥੀਆਂ ਨੂੰ ਇਥੇ ਰਹਿਣ ਲਈ ਆਉਣ ਵਾਲੇ ਖਰਚੇ ਦਾ ਵੀ ਦੁਬਾਰਾ ਹਿਸਾਬ ਕਿਤਾਬ ਵੇਖਿਆ ਜਾ ਰਿਹਾ ਹੈ ਅਤੇ ਇਹ ਵੀ ਵਧ ਸਕਦਾ ਹੈ।
ਵਿਦਿਆਰਥੀ ਅਤੇ ਵਿਜ਼ਟਰ ਵੀਜ਼ੇ: ਨਿਊਜ਼ੀਲੈਂਡ ਦੇ ਵਿਚ ਨਵੇਂ ਵਿਦਿਆਰਥੀਆਂ ਦੇ ਲਈ ਅਤੇ ਸੈਰ ਸਪਾਟਾ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਉਣ ਵਾਲਿਆਂ ਲਈ ਵਿਜ਼ਟਰ ਵੀਜ਼ਾ ਅਰਜ਼ੀਆਂ 31 ਜੁਲਾਈ ਤੋਂ ਖੁੱਲ੍ਹ ਰਹੀਆਂ ਹਨ। ਇਸੀ ਤਰ੍ਹਾਂ 31 ਜੁਲਾਈ ਤੋਂ ਸਮੁੰਦਰੀ ਰਸਤੇ ਰਾਹੀਂ ਦਾਖਲ ਹੋਣ ਲਈ ਵੀ ਰਸਤੇ ਖੋਲ੍ਹੇ ਜਾ ਰਹੇ ਹਨ।
ਕਿਸੇ ਵੇਲੇ ਆਉਣ ’ਤੇ ਲਗਦਾ ਸੀ ਟੈਕਸ: ਨਿਊਜ਼ੀਲੈਂਡ ਦੇ ਇਤਿਹਾਸ ਉਤੇ ਨਿਗ੍ਹਾ ਮਾਰੀਏ ਤਾਂ 5 ਜੁਲਾਈ 1881 ਨੂੰ ਪੋਲ ਟੈਕਸ ਚਾਈਨਜ਼ ਲੋਕਾਂ ਉਤੇ ਲਗਾਇਆ ਗਿਆ ਸੀ। ਇਕ ਸ਼ਿੱਪ ਦੇ ਵਿਚ 10 ਟਨ ਭਾਰ ਮਗਰ ਇਕ ਵਿਅਕਤੀ ਹੀ ਇਥੇ ਦਾਖਲ ਹੋ ਸਕਦਾ ਸੀ। 1896 ਦੇ ਵਿਚ ਫਿਰ 200 ਟਨ ਪ੍ਰਤੀ ਵਿਅਕਤੀ ਕਰ ਦਿੱਤਾ ਗਿਆ ਸੀ ਤੇ 100 ਪੌਂਡ (20,000 ਡਾਲਰ) ਲਗਦੇ ਸਨ। ਇਹ ਕਾਨੂੰਨ ਦੀ ਕਾਫੀ ਨਿੰਦਾ ਹੋਈ ਸੀ ਅਤੇ ਫਿਰ ਇਹ 1934 ਦੇ ਵਿਚ ਇਹ ਟੈਕਸ ਮਾਫ ਕਰ ਦਿੱਤਾ ਗਿਆ ਸੀ ਤੇ 1944 ਦੇ ਵਿਚ ਕਾਨੂੰਨ ਵਾਪਿਸ ਲਿਆ ਗਿਆ ਸੀ। ਸੰਨ 2002 ਦੇ ਵਿਚ ਸਰਕਾਰ ਨੇ ਇਸ ਕਾਨੂੰਨ ਦੇ ਲਈ ਚਾਈਨਜ਼ ਭਾਈਚਾਰੇ ਤੋਂ ਮਾਫੀ ਵੀ ਮੰਗੀ ਸੀ।