ਪੀਐਸਪੀਸੀਐਲ ਮਹਿਤਾ ਮੰਡਲ ਦਾ ਏ.ਜੇ.ਈ ਡਿਊਟੀ 'ਚ ਕੋਤਾਹੀ ਲਈ ਮੁਅੱਤਲ
ਬਲਰਾਜ ਸਿੰਘ ਰਾਜਾ
- ਮਹਿਕਮੇ 'ਚ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਈਟੀਓ
ਰਈਆ, 3 ਜੁਲਾਈ 2022 - ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਡਿਊਟੀ ਤੋਂ ਕੋਤਾਹੀ ਵਰਤਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀ ਮੌਜੂਦਾ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਜਾਰੀ ਇਹਨਾਂ ਨਿਰਦੇਸ਼ਾਂ ਉਪਰ ਅਮਲ ਕਰਦੇ ਹੋਏ ਪੀ.ਐਸ.ਪੀ.ਸੀ.ਐਲ ਡਵੀਜ਼ਨ ਬਿਆਸ ਦੇ ਐਡੀਸ਼ਨਲ ਐਸ.ਈ ਸੁਰਿੰਦਰਪਾਲ ਸੋਂਧੀ ਨੇ ਉਪ ਮੰਡਲ ਮਹਿਤਾ ਦੇ ਏ.ਜੇ.ਈ ਬਲਵਿੰਦਰ ਕੁਮਾਰ ਪੁੱਤਰ ਸਰਦਾਰੀ ਲਾਲ ਨੂੰ ਡਿਊਟੀ ਵਿਚ ਕੋਤਾਹੀ ਵਰਤਣ ਕਰਕੇ ਨੌਕਰੀ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਨੇ ਆਪਣੇ ਦਫ਼ਤਰੀ ਹੁਕਮ ਨੰਬਰ 130/2.7.2022 ਅਧੀਨ ਮੁਅੱਤਲ ਕੀਤੇ ਕਰਮਚਾਰੀ ਦਾ ਹੈਡਕਵਾਟਰ ਅਗਲੇ ਹੁਕਮਾਂ ਤੱਕ ਭਿੱਖੀਵਿੰਡ ਮੰਡਲ ਫਿਕਸ ਕੀਤਾ ਗਿਆ ਜਿੱਥੇ ਉਹ ਅਗਲੇਰੇ ਪੱਤਰ ਪ੍ਰਾਪਤ ਕਰੇਗਾ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਬਿਜਲੀ ਮਹਿਕਮੇ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪੀਐਸਪੀਸੀਐਲ ਜਨਤਕ ਮਹਿਕਮਾ ਹੈ ਅਤੇ ਇਹ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਹਨਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੰਮ ਲਈ ਦਫ਼ਤਰ ਆਉਣ ਵਾਲੇ ਖਪਤਕਾਰਾਂ ਨੂੰ ਬਣਦਾ ਮਾਣ ਸਤਿਕਾਰ ਦੇਣ। ਉਹਨਾਂ ਕਿਹਾ ਕਿ ਖਪਤਕਾਰਾਂ ਦੇ ਫ਼ੋਨ ਅਣਸੁਣੇ ਨਾ ਕੀਤੇ ਜਾਣ ਅਤੇ ਜਨਤਕ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।