ਦੋ ਮਹੀਨੇ ਤੋਂ ਖੜਾ ਹੈ ਸੜਕ ਤੇ ਪਾਣੀ, ਇੱਕ ਪਾਸੇ ਜੰਮ ਗਈ ਕਾਈ, ਪੰਚਾਇਤ ਸਾਲਾਂ ਤੋਂ ਲਾ ਰਹੀ ਲਾਰਾ ਲੱਪਾ
ਰੋਹਿਤ ਗੁਪਤਾ
ਗੁਰਦਾਸਪੁਰ 3 ਜੁਲਾਈ 2022 - ਸਿਹਤ ਵਿਭਾਗ ਵੱਲੋਂ ਮਲੇਰੀਆ ਤੇ ਡੇਂਗੂ ਜਿਹੀਆਂ ਬੀਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਵਿਚ ਅਤੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਦੀਆਂ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਹਿਦਾਇਤਾਂ ਦਾ ਸਖਤੀ ਨਾਲ ਪਾਲਣ ਕਰਵਾਉਣ ਲਈ ਜ਼ੁਰਮਾਨੇ ਅਤੇ ਹੋਰ ਕਾਰਵਾਈ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈਂਦਾ ਹੈ ਪਰ ਪੰਚਾਇਤ ਦੀ ਅਣਗਹਿਲੀ ਜਾਂ ਅਨਦੇਖੀ ਕਰ ਕੇ ਜੇ ਕਿਤੇ ਲੰਬੇ ਅਰਸੇ ਤੋਂ ਗੰਦਾ ਪਾਣੀ ਖੜ੍ਹਾ ਹੋਵੇ ਤਾਂ ਉਸ ਤੇ ਸਿਹਤ ਵਿਭਾਗ ਦਾ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰ ਸਕਦਾ?ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਨਜ਼ਦੀਕੀ ਪਿੰਡ ਜੀਵਨਵਾਲ ਬੱਬਰੀ ਦੇ ਪੁੱਲ ਹੇਠਾਂ ਬੱਬਰੀ ਸਾਇਡ ਦੇ ਦੁਕਾਨਦਾਰ ਅਤੇ ਨਿਵਾਸੀ ਸੜਕ ਤੇ ਗੰਦੇ ਪਾਣੀ ਦੇ ਖੜੇ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸਮੱਸਿਆ ਇਸ ਰੋਡ ਤੇ ਬਣੇ ਇਕ ਨਾਲ਼ੇ ਕਾਰਨ ਹੈ।
ਇਹ ਨਾਲਾ ਬਣਾਇਆ ਤਾਂ ਘਰਾਂ ਦੇ ਅਤੇ ਹੋਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਗਿਆ ਸੀ ਪਰ ਉਸ ਵੇਲੇ ਨਾਲਾ ਬਣਾਉਣ ਵਾਲਿਆਂ ਨੇ ਇਹ ਧਿਆਨ ਨਹੀਂ ਦਿੱਤਾ ਕਿ ਨਾਲਾ ਛੋਟਾ ਹੋਣ ਕਾਰਨ ਵੱਡੀ ਸਮੱਸਿਆ ਦਾ ਕਾਰਨ ਬਣ ਜਾਵੇਗਾ। ਨਾਲਾ ਛੋਟਾ ਅਤੇ ਘਰਾਂ ਦਾ ਪਾਣੀ ਜ਼ਿਆਦਾ ਹੋਣ ਕਾਰਨ ਅਕਸਰ ਓਵਰਫਲੋ ਹੋਇਆ ਰਹਿੰਦਾ ਹੈ। ਉਪਰੋਂ ਨਾਲੇ ਦੇ ਉੱਪਰ ਕੁਝ ਦੁਕਾਨਦਾਰਾਂ ਨੇ ਥੜ੍ਹੇ ਬਣਾ ਲਏ ਹਨ ਅਤੇ ਇੱਕ ਪੁਲੀ ਜੋ ਰੋਡ ਤੋਂ ਸਰੀਏ ਅਤੇ ਰੇਤ ਬਜਰੀ ਨਾਲ ਭਰੀਆਂ ਵੱਡੀਆਂ-ਗੱਡੀਆਂ ਗੁਜ਼ਰਨ ਕਾਰਨ ਬੈਠ ਚੁੱਕੀ ਹੈ ਵੀ ਨਾਲੇ ਦੇ ਜਾਮ ਹੋਣ ਦਾ ਇਕ ਕਾਰਨ ਹੈ। ਹੁਣ ਹਾਲਾਤ ਇਹ ਹੈ ਕਿ ਦੋ ਮਹੀਨੇ ਤੋ ਨਾਲੇ ਦਾ ਗੰਦਾ ਪਾਣੀ ਬਾਹਰ ਸੜਕ ਤੇ ਖੜਾ ਹੈ ਅਤੇ ਇਸ ਦੇ ਇੱਕ ਪਾਸੇ ਤਾਂ ਕਾਈ ਵੀ ਜੰਮ ਚੁੱਕੀ ਹੈ। ਮੱਛਰਾਂ ਦੀ ਵੀ ਭਰਮਾਰ ਹੈ।
ਨੇੜੇ ਦੇ ਦੁਕਾਨਦਾਰ ਰਜਿੰਦਰ ਸਿੰਘ ਦੱਸਦੇ ਹਨ ਕਿ ਪਿੰਡ ਦੀ ਪੰਚਾਇਤ ਨੂੰ ਇਸ ਬਾਰੇ ਕਈ ਵਾਰ ਕਿਹਾ ਗਿਆ ਹੈ ਪਰ ਤਿੰਨ ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪੰਚਾਇਤ ਮਤਾ ਪਾਸ ਕਰਨ ਦੀ ਗੱਲ ਕਰਕੇ ਲਾਰਾ ਲੱਪਾ ਲਾ ਰਹੀ ਹੈ। ਕੁਝ ਦੇਰ ਤਾਂ ਉਹ ਕੋਲੋਂ ਪੈਸੇ ਖਰਚ ਕਰਕੇ ਮਜ਼ਦੂਰ ਲਗਾ ਕੇ ਨਾਲੇ ਦੀ ਸਫ਼ਾਈ ਵੀ ਆਪ ਕਰਵਾਉਂਦੇ ਰਹੇ ਹਨ ਪਰ ਹੁਣ ਇਹ ਵੀ ਉਹਨਾਂ ਦੇ ਵੱਸ ਵਿੱਚ ਨਹੀਂ ਰਿਹਾ।
ਜਦੋਂ ਇਸ ਸਬੰਧ ਵਿੱਚ ਬੱਬਰੀ ਦੀ ਮਹਿਲਾ ਸਰਪੰਚ ਦੇ ਬੇਟੇ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੰਚਾਇਤ ਵੱਲੋਂ ਪੁਲੀ ਤਾਂ ਪੱਕੀ ਬਣਾ ਦਿੱਤੀ ਗਈ ਹੈ ਇਸ ਲਈ ਵੱਡੀਆਂ ਗੱਡੀਆਂ ਦੇ ਗੁਜ਼ਰਨ ਨਾਲ ਪੁਲੀ ਦੇ ਬੈਠਣ ਦੀ ਸਮੱਸਿਆ ਨਹੀਂ ਰਹੀ ਪਰ ਸੜਕ ਦੇ ਜਿਸ ਹਿੱਸੇ ਤੇ ਪਾਣੀ ਰੁੱਕਦਾ ਹੈ ਉਹ ਹਿੱਸਾ ਬਾਕੀ ਸੜਕ ਨਾਲੋਂ ਕਾਫ਼ੀ ਨੀਵਾਂ ਹੈ। ਇਸ ਬਾਰੇ ਹਾਈਵੇ ਅਥਾਰਟੀ ਨਾਲ ਪੰਚਾਇਤ ਵੱਲੋਂ ਗੱਲਬਾਤ ਕੀਤੀ ਗਈ ਹੈ, ਸੜਕ ਦਾ ਲੈਵਲ ਬਰਾਬਰ ਹੁੰਦੀਆਂ ਹਨ ਨਾਲੇ ਨੂੰ ਚੌੜਾ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।