ਸਿਹਤ ਵਿਭਾਗ ਵੱਲੋਂ ਮਿਤੀ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰ੍ਹਵਾੜਾ ਮਨਾਇਆ ਜਾਵੇਗਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 03 ਜੁਲਾਈ 2022 - ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਮਿਤੀ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰ੍ਹਵਾੜਾ ਮਨਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸਿਵਲ ਸਰਜਨ ਡਾਕਟਰ ਮੁਕੇਸ਼ ਚੰਦਰ ਨੇ ਦਿੱਤੀ । ਉਹਨਾਂ ਦੱਸਿਆ ਕਿ ਗਰਮੀਆਂ ਦਾ ਮੌਸਮ ਅਤੇ ਸਾਫ਼ ਸਫ਼ਾਈ ਦੀ ਘਾਟ ਕਾਰਨ ਵੱਡੇ ਵਿਅਕਤੀਆਂ ਅਤੇ ਆਮ ਤੌਰ ਤੇ ਛੋਟੇ ਬੱਚਿਆਂ ਨੂੰ ਉਲਟੀਆਂ ਤੇ ਦਸਤ ਲੱਗ ਜਾਂਦੇ ਹਨ । ਜੇਕਰ ਇਹਨਾਂ ਦਸਤਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੇ ਹਨ । ਇਸ ਲਈ ਗਰਮੀਆਂ ਵਿੱਚ ਹਰ ਇੱਕ ਵਿਅਕਤੀ ਵੱਲੋਂ ਕੁਝ ਵੀ ਖਾਣ ਤੋਂ ਪਹਿਲਾਂ ਹੱਥਾਂ ਦੀ ਸਾਬਣ ਨਾਲ ਚੰਗੀ ਤਰਾਂ ਸਾਫ਼ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ । ਇਸ ਦੇ ਨਾਲ ਹੀ ਸਰੀਰ ਲਈ ਜ਼ਰੂਰੀ ਖਣਿਜ ਪਦਾਰਥਾਂ ਵਾਲਾ ੳਆਰਐਸ ਦਾ ਘੋਲ ਸਹੀ ਮਿਕਦਾਰ ਵਿੱਚ ਬਣਾ ਕੇ ਪੀਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਇਸ ਪੰਦ੍ਹਰਵਾੜੇ ਦਾ ਮੁੱਖ ਮੰਤਵ 05 ਸਾਲ ਤੱਕ ਦੇ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ । ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿਚ ਜ਼ਿੰਕ ਅਤੇ ਓ ਆਰ ਐਸ ਕਾਰਨਰ ਬਣਾਏ ਗਏ ਹਨ ਜਿੱਥੇ ਬੱਚਿਆਂ ਦਾ ਇਲਾਜ ਕੀਤਾ ਜਾਵੇਗਾ ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਰਾਜੀਵ ਬੈਂਸ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੀਆਂ ਆਸ਼ਾ ਵਰਕਰ ਅਤੇ ਏ.ਐਨ.ਐਮ ਘਰ-ਘਰ ਜਾ ਕੇ ਸਰਵੇ ਕਰ ਕੇ ਬੱਚਿਆਂ ਨੂੰ ਓ. ਆਰ. ਐਸ ਪੈਕਟ ਵੰਡਣਗੀਆਂ । ਇਸ ਪੰਦ੍ਹਰਵਾੜੇ ਦੌਰਾਨ ਆਰਬੀਐਸਕੇ ਟੀਮਾਂ ਅਤੇ ਸਿਹਤ ਸਟਾਫ਼ ਵੱਲੋਂ ਸਕੂਲਾਂ ਵਿੱਚ ਬੱਚਿਆ ਨੂੰ ਹੱਥਾਂ ਨੂੰ ਸਾਫ਼ ਰੱਖਣ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ ।