ਗੁਰਦਾਸਪੁਰ: ਭਗਵਾਨ ਜਗਨਨਾਥ ਦੀ ਰਥ ਯਾਤਰਾ ਧੂਮਧਾਮ ਨਾਲ ਕੱਢੀ ਗਈ
ਗੁਰਦਾਸਪੁਰ, 3 ਜੁਲਾਈ 2022 - ਸ਼ਹਿਰ ਵਿਚ ਇਸਕੌਨ ਦੇ ਅਨੁਯਾਈਆਂ ਵੱਲੋਂ ਭਗਵਾਨ ਜਗਨਨਾਥ ਦੀ ਰਥ ਯਾਤਰਾ ਧੂਮਧਾਮ ਨਾਲ ਕੱਢੀ ਗਈ। ਮਾਈ ਦਾ ਤਲਾਅ ਮੰਦਰ ਤੋ ਸ਼ੁਰੂ ਹੋਈ ਇਹ ਰੱਥ ਯਾਤਰਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋ ਹੁੰਦੀ ਹੋਈ ਦੇਰ ਸ਼ਾਮ ਮੁੜ ਤੋਂ ਮਾਈ ਦਾ ਤਲਾਅ ਮੰਦਰ ਵਿਖੇ ਹੀ ਖਤਮ ਹੋਈ। ਇਸ ਮੌਕੇ ਭਗਵਾਨ ਜਗਨਨਾਥ ਜੀ ਦੇ ਰੱਥ ਨੂੰ ਸ਼ਾਨਦਾਰ ਅਤੇ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ, ਜਿਸ ਵਿੱਚ ਭਗਵਾਨ ਜਗਨ ਨਾਥ , ਸੁਭੱਦਰਾ ਅਤੇ ਬਲਭੱਦਰ ਦੇ ਸਵਰੂਪ ਵਿਰਾਜਮਾਨ ਸਨ ।
ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਸੰਗਤਾਂ ਰੱਥ ਦੇ ਦਰਸ਼ਨਾਂ ਲਈ ਪੁੱਜੀਆਂ। ਰੱਥ ਨੂੰ ਖਿੱਚਣ ਦੀ ਸ਼ੁਰੂਆਤ ਨਾਰੀਅਲ ਤੋੜ ਕੇ ਕੀਤੀ ਗਈ।ਧਾਰਮਿਕ ਪਰੰਪਰਾ ਅਨੁਸਾਰ ਭਗਵਾਨ ਜਗਨਨਾਥ ਨੇ ਭਰਾ ਬਲਭੱਦਰ ਅਤੇ ਭੈਣ ਸੁਭਦਰਾ ਨੂੰ ਰੱਥ ਵਿੱਚ ਬਿਠਾਇਆ।ਭਗਤਾਂ ਨੇ ਹਰੇ ਰਾਮ ਹਰੇ ਕ੍ਰਿਸ਼ਨ ਦੇ ਜੈਕਾਰੇ ਲਾਉਂਦਿਆਂ ਰੱਥ ਨੂੰ ਖਿੱਚਿਆ। ਇਹ ਯਾਤਰਾ ਜੀ.ਟੀ.ਰੋਡ, ਮਾਈ ਕਾ ਮੰਦਿਰ, ਸਦਰ ਬਾਜ਼ਾਰ, ਬਾਟਾ ਚੌਂਕ, ਲਾਇਬ੍ਰੇਰੀ ਰੋਡ, ਹਨੂੰਮਾਨ ਚੌਂਕ, ਗੀਤਾ ਭਵਨ ਰੋਡ ਤੋਂ ਸ਼ੁਰੂ ਹੋ ਕੇ ਮਾਈ ਕਾ ਮੰਦਿਰ ਪਹੁੰਚੀ, ਜਿੱਥੇ ਭਗਵਾਨ ਜਗਨਨਾਥ ਜੀ ਦੀ ਆਰਤੀ ਕੀਤੀ ਗਈ ਅਤੇ ਥਾਂ-ਥਾਂ ਜਲ ਅਤੇ ਪ੍ਰਸ਼ਾਦ ਵਰਤਾਇਆ ਗਿਆ | ਇੰਨਾ ਹੀ ਨਹੀਂ ਸ਼ਹਿਰ ਭਰ 'ਚ ਭਗਵਾਨ ਜਗਨਨਾਥ ਜੀ ਦੇ ਰੱਥ 'ਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਸ਼ਰਧਾਲੂ ਯਾਤਰਾ ਦੇ ਅੱਗੇ ਝਾੜੂ ਲੈ ਕੇ ਸਫ਼ਾਈ ਕਰਦੇ ਦੇਖੇ ਗਏ।
ਰੱਥ ਯਾਤਰਾ ਦੌਰਾਨ ਇਲਾਕਾ ਜੈ ਜਗਨਨਾਥ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਯਾਤਰਾ ਵਿੱਚ ਚੱਲ ਰਹੇ ਸ਼ਰਧਾਲੂਆਂ ਅਤੇ ਨਗਰ ਨਿਵਾਸੀਆਂ ਵਿੱਚ ਰੱਥ ਖਿੱਚ ਕੇ ਪੁੰਨ ਪ੍ਰਾਪਤੀ ਦੀ ਹੋੜ ਲੱਗੀ ਸੀ।
ਇਸ ਮੌਕੇ ਮਾਨਵ ਪ੍ਰਭੂ , ਸਨਾਤਨ ਪ੍ਰਭੂ, ਮੁਕੰਦ ਦਾਸ ਪ੍ਰਭੂ, ਰਾਕੇਸ਼ ਦਾਸ ਪ੍ਰਭੂ, ਕ੍ਰਿਸ਼ਨ ਚਰਨਦਾਸ ਪ੍ਰਭੂ, ਧਰੁਵ ਮਹਾਜਨ, ਸੰਜੀਵ ਮਹਾਜਨ, ਬੋਬੀ ਕਪੂਰ, ਡਾਕਟਰ ਮਾਲਿਕ ਮਹਾਜਨ, ਗਗਨ ਮਹਾਜਨ, ਰਾਜੀਵ ਮੋਦਗਿਲ ਸਮੇਤ ਭਗਵਾਨ ਜਗਨਨਾਥ ਦੇ ਸ਼ਰਧਾਲੂ ਸ਼ਾਮਲ ਸਨ