ਵਿਧਾਇਕ ਦੇ ਕਰੀਬੀ ਨੌਜਵਾਨ ਕਾਂਗਰਸੀ ਆਗੂ ਨੂੰ ਜ਼ਬਰਨ ਵਸੂਲੀ ਦਾ ਆਇਆ ਫੋਨ, ਇਕ ਨਾਮਜ਼ਦ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 4 ਅਗਸਤ 2022
ਯੂਥ ਕਾਂਗਰਸ ਦੇ ਮੰਡਲ ਪ੍ਰਧਾਨ ਅਤੇ ਵਾਰਡ ਨੰਬਰ 25 ਦੀ ਕੌਂਸਲਰ ਸੁਨੀਤਾ ਮਹਾਜਨ ਦੇ ਪੁੱਤਰ ਨਕੁਲ ਮਹਾਜਨ ਨੂੰ ਧਮਕੀਆਂ ਦੇਣ ਅਤੇ ਉਸ ਪਾਸੋਂ ਪੈਸੇ ਮੰਗਣ ਦੇ ਦੋਸ਼ ਹੇਠ ਲਵਪ੍ਰੀਤ ਸਿੰਘ ਨਵੀ ਨਾਮਕ ਨੌਜਵਾਨ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਲਵਪ੍ਰੀਤ ਸਿੰਘ ਉਰਫ ਨਵੀ ਤੇ ਇਰਾਦਾ ਕਤਲ ਅਤੇ ਹੋਰ ਕਈ ਅਪਰਾਧਿਕ ਵਾਰਦਾਤਾਂ ਦੇ ਮਾਮਲੇ ਪਹਿਲਾਂ ਹੀ ਦਰਜ ਹਨ ਜਦ ਕਿ ਨਕੁਲ ਮਹਾਜਨ ਐਮ ਐਲ ਏ ਬਰਿੰਦਰਮੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਦਾ ਕਰੀਬੀ ਹੈ।
ਮੁਕਦਮਾ ਨਕੁਲ ਮਹਾਜਨ ਦੀ ਦਰਖਾਸਤ ਤੇ ਉਪ ਕਪਤਾਨ ਪੁਲਿਸ (ਡੀਟੈਕਟਿਵ) ਗੁਰਦਾਸਪੁਰ ਵਲੋਂ ਕੀਤੀ ਗਈ ਇੰਨਕੁਆਰੀ ਤੋਂ ਬਾਅਦ ਦਰਜ ਕੀਤਾ ਗਿਆ ਹੈ। ਨਕੁਲ ਮਹਾਜਨ ਨੇ ਦੱਸਿਆ ਕਿ ਉਸ ਕੋਲ਼ੋਂ ਬਹੁਤ ਪਹਿਲਾਂ ਤੋਂ ਹੀ ਨਵੀਂ ਨਾਮਕ ਨੌਜਵਾਨ ਵੱਲੋਂ ਵਟਸਪ ਕਾਰਡ ਰਾਹੀਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੀ ਕਾਲ ਉਸਨੇ ਮਾਰਚ ਮਹੀਨੇ ਵਿੱਚ ਕਰਕੇ ਆਪਣੀ ਜਮਾਨਤ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਬਾਰ ਬਾਰ ਉਸ ਨੂੰ ਵਾਟਸਐਪ ਕਾੱਲ ਕਰਕੇ ਪੈਸੇ ਮੰਗੇ ਗਏ ਅਤੇ ਨਾ ਦੇਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ।
ਨਕੁਲ ਨੇ ਦੱਸਿਆ ਕਿ ਕਈ ਵਾਰ ਇਹ ਕਾਲਾਂ ਵਿਦੇਸ਼ੀ ਨੰਬਰਾਂ ਤੋਂ ਵੀ ਕੀਤੀਆਂ ਗਈਆਂ ਅਤੇ ਕਾੱਲ ਕਰਨ ਵਾਲੇ ਨੇ ਇੱਕ ਵੱਡੇ ਅਤੇ ਮਸ਼ਹੂਰ ਗੈਂਗਸਟਰ ਦਾ ਨਾਮ ਵੀ ਲਿਆ ਜਿਸ ਤੋਂ ਸ਼ੱਕ ਜਾਹਰ ਹੁੰਦਾ ਹੈ ਕਿ ਨਵੀ ਨਾ ਦੇ ਇਸ ਨੌਜਵਾਨ ਦੇ ਅੰਤਰਰਾਸ਼ਟਰੀ ਗੈਂਗਸਟਰਸ ਨਾਲ ਵੀ ਸੰਪਰਕ ਬਣ ਚੁੱਕੇ ਹਨ। ਉਸ ਨੇ ਦੱਸਿਆ ਕਿ ਕਈ ਵਾਰ ਅਜਿਹਾ ਵੀ ਹੋਇਆ ਸੀ ਉਹ ਕਿਤੇ ਗਿਆ ਅਤੇ ਉਸ ਨੂੰ ਫੋਨ ਕਰਨ ਵਾਲੇ ਨੇ ਉਸ ਦੀ ਲੋਕੇਸ਼ਨ ਵੀ ਦੱਸਦੇ ਹੋਏ ਇਹ ਵੀ ਦੱਸ ਦਿੱਤਾ ਕਿ ਉਸ ਨੇ ਕਿਹੜੇ ਕੱਪੜੇ ਪਾਏ ਹੋਏ ਹਨ। ਮੱਤਲਬ ਇਨ੍ਹਾਂ ਧਮਕੀਆਂ ਦੇਣ ਵਾਲਿਆਂ ਵੱਲੋਂ ਉਸਦੀ ਰੇਕੀ ਵੀ ਕੀਤੀ ਜਾ ਰਹੀ ਹੈ। ਨਕੁਲ ਮਹਾਜਨ ਨੇ ਕਿਹਾ ਕਿ ਉਸ ਦੀਆਂ ਸਿਆਸੀ ਸਰਗਰਮੀਆਂ ਕਾਰਨ ਉਸ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਇਸ ਲਈ ਉਸ ਵੱਲੋਂ ਮੰਗ ਕੀਤੀ ਗਈ ਹੈ ਕਿ ਉਸ ਦੀ ਸੁਰੱਖਿਆ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਉਧਰ ਥਾਣਾ ਸਿਟੀ ਗੁਰਦਾਸਪੁਰ ਵਿੱਚ ਦੋਸੀ ਲਵਪ੍ਰੀਤ ਸਿੰਘ ਉਰਫ ਨਵੀ ਪੁੱਤਰ ਅਮਰੀਕ ਸਿੰਘ ਵਾਸੀ ਸੈਨਪੁਰ ਖਿਲਾਫ ਜਬਰਨ ਵਸੂਲੀ ਲਈ ਧਮਕਾਉਣ ਦੀਆਂ ਧਾਰਾਵਾਂ 382 ਅਤੇ 387 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।