ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਕਾਬੂ: ਚੋਰੀ ਕੀਤੇ 7 ਮੋਟਰਸਾਈਕਲ ਅਤੇ ਇਕ ਐਕਟਿਵਾ ਕੀਤੀ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ 04 ਅਗਸਤ 2022: ਲੋਕਾਂ ਦੀ ਮਿਹਨਤ ਦੀ ਕਮਾਈ ਤੇ ਹੱਥ ਸਾਫ਼ ਕਰਨ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ 7 ਮੋਟਰਸਾਈਕਲ ਅਤੇ ਇਕ ਐਕਟਿਵਾ ਸਮੇਤ ਕਾਬੂ ਕਰਨ ਵਿਚ ਬਟਾਲਾ ਪੁਲਿਸ ਦੇ ਥਾਣਾ ਸਿਟੀ ਦੀ ਟੀਮ ਨੇ ਸਫਲਤਾ ਹਾਸਿਲ ਕੀਤੀ ਹੈ। ਬਟਾਲਾ ਸਿਟੀ ਥਾਣਾ ਦੇ ਐਸ ਐਚ ਓ ਸੁਖਵਿੰਦਰ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਐਸ ਐਸ ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਟਾਲਾ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿਚ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਬਟਾਲਾ ਦੇ ਨਾਕੇ ਦੌਰਾਨ ਪੁਲਿਸ ਟੀਮ ਨੇ ਜਦੋਂ ਇਕ ਮੋਟਰਸਾਈਕਲ ਤੇ ਸਵਾਰ ਦੋ ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹ ਮੋਟਰਸਾਈਕਲ ਦਾ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਪਾਏ। ਜਦੋ ਓਹਨਾ ਕੋਲੋਂ ਇਸ ਸੰਬੰਧੀ ਸਖਤੀ ਨਾਲ ਪੁਛਗਿੱਛ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਦਾ ਹੈ।ਥਾਣੇ ਲਿਆ ਕੇ ਉਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕੇ ਦੋਵੇ ਕਸਬਾ ਉਦੋਕੇ ਥਾਣਾ ਮੱਤੇਵਾਲ ਨਾਲ ਸੰਬੰਧਿਤ ਹਨ ਅਤੇ ਮੋਟਰਸਾਈਕਲ ਚੋਰੀ ਕਰਦੇ ਹਨ।ਉਹਨਾਂ ਦੀ ਨਿਸ਼ਾਨਦੇਹੀ ਤੇ ਉਨ੍ਹਾਂ ਵੱਲੋਂ ਚੋਰੀ ਕੀਤੇ ਗਏ 7 ਮੋਟਰਸਾਈਕਲ ਅਤੇ ਇਕ ਐਕਟਿਵਾ ਵੀ ਬਰਾਮਦ ਕੀਤੇ ਗਏ। ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਐਸ ਐਚ ਓ ਨੇ ਦੱਸਿਆ ਕਿ ਇਹਨਾਂ ਦਾ ਅਦਾਲਤ ਪਾਸੋਂ ਰਿਮਾਂਡ ਲੈਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਉਮੀਦ ਹੈ ਕਿ ਇਹਨਾਂ ਕੋਲੋ ਹੋਰ ਵੀ ਬਰਾਮਦਗੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹਨਾ ਕੋਲੋ ਬਰਾਮਦ ਹੋਏ ਮੋਟਰਸਾਈਕਲ ਇਹਨਾਂ ਵਲੋਂ ਅਲਗ ਅਲਗ ਜਗ੍ਹਾ ਤੋਂ ਚੋਰੀ ਕੀਤੇ ਗਏ ਸੀ।