ਬਾਰਡਰ ਏਰੀਆ 'ਚ ਪੁਲਿਸ ਨੇ ਕੀਤਾ ਨਾਈਟ ਆਪ੍ਰੇਸ਼ਨ-ਨਾਕੇ-ਬੰਦੀਆਂ ਤੇ ਚੈਕਿੰਗ ਕੀਤੀ ਸੀਨੀਅਰ ਅਫ਼ਸਰਾਂ ਨੇ
ਜਿਸ ਜਗ੍ਹਾ ਤੋਂ ਅੱਤਵਾਦੀਆਂ ਨੇ ਪ੍ਰਵੇਸ਼ ਕਰਕੇ ਦੀਨਾਨਗਰ ਥਾਣੇ ਉਪਰ ਕੀਤਾ ਸੀ ਹਮਲਾ ਉਸ ਨਾਕੇ ਦਾ ਜਾਇਜ਼ਾ ਲੈਣ ਰਾਤ ਸਾਢੇ ਗਿਆਰਾਂ ਵਜੇ ਪਹੁੰਚੇ ਡੀ ਆਈ ਜੀ ਇੰਟੈਲੀਜੈਂਸ
ਰੋਹਿਤ ਗੁਪਤਾ
ਗੁਰਦਾਸਪੁਰ, 05 ਅਗਸਤ।, 2022:
ਡੀਜੀਪੀ ਪੰਜਾਬ ਅਤੇ ਏਡੀ ਜੀ ਪੀ ਲਾਅ ਐਂਡ ਆਰਡਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਵਿਚ ਰਾਤ ਦੇ ਨਾਕੇ ਲਗਾਏ ਗਏ ਹਨ .ਇਸ ਸਪੈਸ਼ਲ ਨਾਕੇ ਬੰਦੀ ਤਹਿਤ ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਰਾਤ ਨੂੰ ਨਾਕਿਆਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਗੈਂਗਸਟਰਾਂ ਅਤੇ ਲੁਟੇਰਿਆਂ ਤੇ ਕਾਬੂ ਪਾਇਆ ਜਾ ਸਕੇ ਅਤੇ 15 ਅਗਸਤ ਨੂੰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਅੱਜ ਰਾਤ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਵੱਖ-ਵੱਖ ਜਗ੍ਹਾ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਨਾਕੇ ਲਾ ਕੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ .
ਕੁਰੂਕਸ਼ੇਤਰ ਵਿਖੇ ਤਰਨਤਾਰਨ ਦੇ ਰਹਿਣ ਵਾਲੇ ਇਕ ਵਿਅਕਤੀ ਕੋਲੋਂ ਆਰ ਡੀ ਐਕਸ ਬਰਾਮਦ ਹੋਇਆ ਹੈ ਜਿਸ ਤੇ 15 ਅਗਸਤ ਨੂੰ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ਾਂ ਦਾ ਵੀ ਖ਼ੁਲਾਸਾ ਹੋਇਆ ਹੈ। ਦੀਨਾਨਗਰ ਪੁਲਿਸ ਥਾਣੇ ਦੇ ਤਹਿਤ ਆਉਂਦਾ ਪਹਾੜੋਚੱਕ ਨਾਕਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਰਸਤੇ ਤੋਂ ਦੀਨਾਨਗਰ ਪੁਲਿਸ ਥਾਣੇ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਦੀਨਾਨਗਰ ਵਿੱਚ ਪ੍ਰਵੇਸ਼ ਕੀਤਾ ਸੀ। ਦੀਨਾਨਗਰ ਦੇ ਇਸ ਨਾਕੇ ਤੇ ਪਹੁੰਚੇ ਐਸਐਸਪੀ ਦੀਪਕ ਹਿਲੋਰੀ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ 10 ਪੁਲਸ ਨਾਕੇ ਲਾਏ ਗਏ ਜਿਨ੍ਹਾਂ ਦੀ ਚੈਕਿੰਗ ਡੀ ਆਈ ਜੀ ਇੰਟੈਲੀਜੈਂਸ ਬਾਬੂ ਲਾਲ ਮੀਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। ਉੱਥੇ ਹੀ ਡੀ ਆਈ ਜੀ ਬਾਬੂ ਲਾਲ ਮੀਨਾ ਨੇ ਦੱਸਿਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀਂ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ ਨਾਲ ਹੀ ਗੈਂਗਸਟਰਾਂ ਦੀਆਂ ਰਾਤ ਨੂੰ ਹੋਣ ਵਾਲੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇਗੀ।
ਮੀਣਾ ਨੇ ਦੱਸਿਆ ਕਿ ਪੰਜਾਬ ਵਿਚ ਰਾਤ ਦੇ ਨਾਕੇ ਲਗਾ ਕੇ ਗ਼ੈਰ-ਸਮਾਜਿਕ ਅਨਸਰਾਂ ਦੀਆਂ ਰਾਤ ਨੂੰ ਹੋਣ ਵਾਲੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਹੈ। ਪੰਜਾਬ ਪੁਲਿਸ ਕਿਸੇ ਵੀ ਅਪਰਾਧ ਦੀ ਰੋਕ ਥਾਮ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਕਿਸੇ ਅੱਤਵਾਦੀ ਵਾਰਦਾਤ ਨੂੰ ਨਾਕਾਮਯਾਬ ਕਰਨ ਜਾਂ ਉਸ ਦਾ ਮੁਕਾਬਲਾ ਕਰਨ ਵਿੱਚ ਹੀ ਸਮਰੱਥ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਤ ਦੇ ਨਾਕਿਆਂ ਦਾ ਪਰਿਣਾਮ ਸਾਰਥਕ ਨਿਕਲੇਗਾ ਜੋ ਆਉਣ ਵਾਲੇ ਦਿਨਾਂ ਵਿੱਚ ਵੇਖਣ ਨੂੰ ਮਿਲੇਗਾ।
ਉੱਥੇ ਹੀ ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਇਹ ਰਾਤ ਦੇ ਨਾਕੇ ਲਗਾਤਾਰ ਜਾਰੀ ਰਹਿਣਗੇ। ਤਾਂ ਜੋ ਸੀਮਾ ਪਾਰ ਤੋਂ ਚੱਲ ਰਹੀਆਂ ਸਾਜ਼ਿਸ਼ਾਂ ਦਾ ਪਹਿਲਾਂ ਵਾਂਗੂ ਹੀ ਲਗਾਤਾਰ ਪਰਦਾਫਾਸ਼ ਕੀਤਾ ਜਾ ਸਕੇ ਅਤੇ ਇਨ੍ਹਾਂ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਦਾਸਪੁਰ ਪੁਲਿਸ ਵੱਲੋਂ ਲਏ ਗਏ ਦਸ ਦਿਨ ਦੇ ਪੁਲਿਸ ਰਿਮਾਂਡ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਐਸਐਸਪੀ ਦੀਪਕ ਹਿਲੋਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਹੋਏ ਖ਼ੁਲਾਸਿਆਂ ਦਾ ਵੇਰਵਾ ਵੀ ਜਲਦੀ ਹੀ ਦਿੱਤਾ ਜਾਵੇਗਾ।
ਇਸ ਮੌਕੇ ਐਸ ਪੀ ਨਵਜੋਤ ਸਿੰਘ, ਡੀ ਐੱਸ ਪੀ ਬੀ ਐਸ ਐਫ ਉਂਕਾਰ ਸਿੰਘ,ਐਸ ਐਚ ਓ ਕਪਿਲ ਕੌਂਸਲ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।