ਈ ਟੀ ਟੀ ਅਧਿਆਪਕਾਂ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਧਰਨਾ 8 ਨੂੰ
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਹੋਵੇਗਾ ਸਘੰਰਸ਼ ਦਾ ਅਗਾਜ਼
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ , 05 ਅਗਸਤ 2022: ਪੁਰਾਣੀ ਪੈਨਸ਼ਨ ਅਤੇ ਵਿੱਤ ਵਿਭਾਗ ਨਾਲ ਸਬੰਧਿਤ ਮੰਗਾਂ ਤੋਂ ਇਲਾਵਾ ਬਹੁਤ ਸਾਰੀਆਂ ਵਿਭਾਗੀ ਮੰਗਾਂ ਹਨ । ਜਿਨ੍ਹਾਂ ਦੇ ਹੱਲ ਸਬੰਧੀ ਵਿਭਾਗ ਚੁੱਪੀ ਵੱਟ ਬੈਠਾ ਹੈ । ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਯੂਨੀਅਨ ਦੇ ਸੂਬਾ ਪੱਧਰੀ ਕਾਲ ਦੇ ਚੱਲਦੇ ਅੱਠ ਅਗਸਤ ਨੂੰ ਬਾਅਦ ਦੁਪਹਿਰ ਢਾਈ ਵਜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਕਪੂਰਥਲਾ ਦੇ ਮੁੱਖ ਦਫ਼ਤਰ ਨਵੀਂ ਬਿਲਡਿੰਗ ਪ੍ਰਸ਼ਾਸਨਿਕ ਭਵਨ ਕਪੂਰਥਲਾ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਈ ਟੀ ਟੀ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ , ਕਪੂਰਥਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ ਨੇ ਦੱਸਿਆ ਕਿ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਅਨਾਮਲੀ ਬਣੀ ਹੋਈ ਹੈ। ਜੋ ਦੂਰ ਕਰਨ ਲਈ ਅਧਿਕਾਰੀ ਟਾਲ ਮਟੋਲ ਕਰ ਰਹੇ ਹਨ । ਈ ਟੀ ਟੀ ਤੋਂ ਮਾਸਟਰ ਕਾਡਰ ਪ੍ਰਮੋਸ਼ਨ ਪਿਛਲੇ ਤਿੰਨ ਸਾਲ ਤੋਂ ਰੁਕੀ ਹੋਈ ਹੈ, ਅਤੇ ਪੇਂਡੂ ਭੱਤੇ, ਬਾਰਡਰ ਏਰੀਏ ਭੱਤੇ ਸਮੇਤ ਅਨੇਕਾਂ ਭੱਤੇ ਬੰਦ ਕੀਤੇ ਹੋਏ ਹਨ। ਏ ਸੀ ਪੀ ਸਕੀਮ ਤੇ ਰੋਕ ਲਾਈ ਹੋਈ ਹੈ। ਵਿਦੇਸ਼ ਛੁੱਟੀ ਆਮ ਦਿਨਾਂ ਵਿਚ ਲੈਣ ਸਬੰਧੀ ਰੋਕ ਲਾਈ ਹੋਈ ਹੈ , ਅਤੇ ਤਬਾਦਲਿਆਂ ਦਾ ਇੱਕੋ ਗੇੜ ਚਲਾ ਕੇ ਵਿਭਾਗ ਕੁੰਭਕਰਨੀ ਨੀਂਦ ਸੌਂ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪਹਿਲਾਂ ਹੋਈਆਂ ਬਦਲੀਆਂ ਤੇ ਕੈਟਾਗਰੀ ਸਿਸਟਮ ਲਾਗੂ ਕਰ ਕੇ ਅਧਿਆਪਕ ਸਾਥੀਆਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਹੈ । ਹਜ਼ਾਰਾਂ ਸਕੂਲ ਸਿੰਗਲ ਟੀਚਰ ਪਏ ਹਨ । ਪਰ ਕੁਝ ਕੁ ਬਲਾਕਾਂ ਚ ਹੀ ਨਵੀਂ ਭਰਤੀ ਕੀਤੀ ਜਾ ਰਹੀ ਹੈ। ਜਿਸ ਨਾਲ ਨਵੇਂ ਸਾਥੀਆਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ ਜਾ ਰਹੇ ਹਨ ਜਾਂ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਸਲੇ ਹਨ । ਜਿਨ੍ਹਾਂ ਤੇ ਤੁਰੰਤ ਹੱਲ ਲਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ 8 ਅਗਸਤ ਨੂੰ ਜ਼ਿਲ੍ਹਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ । ਉਨ੍ਹਾਂ ਜ਼ਿਲ੍ਹੇ ਭਰ ਦੇ ਈ ਟੀ ਟੀ ਅਧਿਆਪਕਾਂ ਅਧਿਆਪਕਾਵਾਂ ਨੂੰ ਹੁੰਮ ਹੁਮਾ ਕੇ ਉਕਤ ਰੋਸ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ।