ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ : ਪ੍ਰਾਈਵੇਟ ਹਸਪਤਾਲਾਂ 'ਚ ਸੇਵਾ ਕਈ ਮਹੀਨੇ ਤੋਂ ਬੰਦ
ਹਸਪਤਾਲਾਂ ਨੇ ਲੈਣਾ ਹੈ 250 ਕਰੋੜ ਰੁਪਇਆ ਬਕਾਇਆ
ਯੋਜਨਾ ਤਹਿਤ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨਾਲ ਗੱਲ ਵੀ ਨਹੀਂ ਕਰ ਰਹੀ ਪੰਜਾਬ ਸਰਕਾਰ
ਰੋਹਿਤ ਗੁਪਤਾ
ਗੁਰਦਾਸਪੁਰ, 7 ਅਗਸਤ 2022 : ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਜੋ ਪੰਜਾਬ ਚ ਵੱਖ ਵੱਖ ਵਰਗਾ ਦੇ ਪਰਿਵਾਰਾਂ ਲਈ ਮੁਫ਼ਤ ਸਿਹਤ ਸੇਵਾਵਾਂ ਦੇ ਰਹੀ ਸਕੀਮ ਦਾ ਲਾਭ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਨਿਜੀ ਹਸਪਤਾਲਾਂ ਚ ਬੰਦ ਹੈ | ਉੱਥੇ ਹੀ ਸਰਕਾਰੀ ਹਸਪਤਾਲਾਂ ਦਾ ਪੱਖ ਹੈ ਕਿ ਉਹਨਾਂ ਵਲੋਂ ਇਸ ਸਕੀਮ ਤਹਿਤ ਲੋਕਾਂ ਦਾ ਇਲਾਜ ਚਲ ਰਿਹਾ ਹੈ ਲੇਕਿਨ ਕੁਝ ਮੁਸ਼ਕਿਲਾਂ ਉਹਨਾਂ ਨੂੰ ਹਨ ਕਿ ਉਹਨਾਂ ਦੀ ਜੋ ਆਪਣੀ ਆਮਦਨ ਇਸ ਸਕੀਮ ਤਹਿਤ ਹੁੰਦੀ ਹੈ ਉਹ ਨਹੀਂ ਮਿਲ ਰਹੀ |
ਬਟਾਲਾ ਦੇ ਆਈਐਮਏ ਦੇ ਪ੍ਰਧਾਨ ਡਾ ਗੁਰਮੀਤ ਸਿੰਘ ਛੀਨਾ ਦਾ ਕਹਿਣਾ ਹੈ ਕਿ ਇਸ ਸਕੀਮ ਤਹਿਤ ਉਹ ਲੋਕਾਂ ਦਾ ਇਲਾਜ ਲਗਾਤਾਰ ਵੱਖ ਵੱਖ ਨਿਜੀ ਹਸਪਤਾਲ ਕਰ ਰਹੇ ਸਨ ਅਤੇ ਨਿਜੀ ਹਸਪਤਾਲਾਂ ਚ ਉਹਨਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਸਰਕਾਰੀ ਹਸਪਤਾਲਾਂ ਚ ਇਲਾਜ ਮੁਹਈਆ ਨਹੀਂ ਹੈ। ਲੇਕਿਨ ਸਰਕਾਰ ਅਤੇ ਪਾਲਿਸੀ ਕੰਪਨੀਆਂ ਚ ਕੁਝ ਬਦਲਾਵ ਹੋਣ ਦੇ ਚਲਦੇ ਉਹਨਾਂ ਦੇ ਪਿਛਲੇ ਸਾਲ ਦਸੰਬਰ ਮਹੀਨੇ ਤੋਂ ਪੈਸੇ ਬਕਾਇਆ ਖੜੇ ਹਨ ਜੋ ਉਹ ਇਲਾਜ ਲਾਭਪਾਤਰੀਆਂ ਨੂੰ ਦੇ ਚੁਕੇ ਹਨ ਅਤੇ ਪੰਜਾਬ ਚ ਜੋ ਸੱਤਾ ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਉਹਨਾਂ ਦੀ ਐਸੋਸਿਏਸ਼ਨ ਨਾਲ ਲਗਾਤਾਰ ਕਈ ਮੀਟਿੰਗਾਂ ਹੋਈਆਂ ਅਤੇ ਸਰਕਾਰ ਨੇ ਜਲਦ ਹੱਲ ਹੋਣ ਦਾ ਆਸ਼ਵਾਸ਼ਨ ਵੀ ਦਿੱਤਾ ਅਤੇ ਉਹਨਾਂ ਦੇ ਭਰੋਸੇ ਦੇ ਚਲਦੇ ਉਹ ਲਾਭਪਾਤਰੀਆਂ ਨੂੰ ਸੇਵਾ ਵੀ ਦੇ ਰਹੇ ਸਨ ਲੇਕਿਨ ਹੁਣ ਕਰੀਬ ਪਿਛਲੇ ਦੋ ਮਹੀਨੇ ਤੋਂ ਪੰਜਾਬ ਭਰ ਚ ਨਿਜੀ ਹਸਪਤਾਲਾਂ ਚ ਇਸ ਸਕੀਮ ਤਹਿਤ ਮੁਫ਼ਤ ਇਲਾਜ ਬੰਦ ਕਰ ਦਿਤਾ ਗਿਆ ਹੈ। ਹੁਣ ਵੀ ਮਰੀਜ਼ ਤਾਂ ਉਹਨਾਂ ਕੋਲ ਆਉਂਦੇ ਹਨ ਲੇਕਿਨ ਉਹ ਉਹਨਾਂ ਦਾ ਇਲਾਜ ਫ੍ਰੀ ਨਹੀਂ ਕਰ ਸਕਦੇ। ਉਸਦਾ ਮੁਖ ਕਾਰਨ ਹੈ ਕਿ ਪੰਜਾਬ ਭਰ ਦੇ ਨਿਜੀ ਹਸਪਤਾਲਾਂ ਦਾ ਕਰੀਬ 250 ਕਰੋੜ ਰੁਪਏ ਬਕਾਇਆ ਖੜਾ ਹੈ ਅਤੇ ਹੁਣ ਤੇ ਇਹ ਹਾਲਾਤ ਹੋ ਚੁਕੇ ਹਨ ਕਿ ਸਰਕਾਰ ਉਹਨ ਡਾਕਟਰਾਂ ਨਾਲ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈ |
ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸੇਵਾ ਦੇ ਰਹੇ ਹਨ।ਇਹ ਕੈਸ਼ਲੇਸ ਸਿਹਤ ਬੀਮਾ ਯੋਜਨਾ ਦਾ ਲਾਭ ਲੋਕਾਂ ਨੂੰ ਬਹੁਤ ਜਿਆਦਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੋ ਬੀਮਾ ਕੰਪਨੀਆਂ ਵਲੋਂ ਸਰਕਾਰੀ ਹਸਪਤਾਲਾਂ ਨੂੰ ਪੈਸੇ ਆਉਂਦਾ ਹੈ ਉਸ ਦਾ ਸਿੱਧੇ ਤੌਰ ਤੇ ਹਸਪਤਾਲਾਂ ਦੇ ਕੰਮਕਾਜ ਲਈ ਵੀ ਵੱਡਾ ਲਾਭ ਹੈ ਲੇਕਿਨ ਹੁਣ ਉਹ ਬੰਦ ਹੈ ਜਿਸ ਨਾਲ ਉਹਨਾਂ ਨੂੰ ਹਸਪਤਾਲ ਦੇ ਕੁਝ ਖਰਚ ਲਈ ਦਿੱਕਤ ਜਰੂਰ ਹੈ ਅਤੇ ਇਸ ਬਾਰੇ ਉਹਨਾਂ ਵਲੋਂ ਵਿਭਾਗ ਨੂੰ ਸੂਚਿਤ ਕੀਤਾ ਜਾ ਰਿਹਾ ਹੈ |
ਉਧਰ ਸਿਵਲ ਹਸਪਤਾਲ ਬਟਾਲਾ ਚ ਜੋ ਮਰੀਜ਼ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਕਰਵਾ ਰਹੇ ਹਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਥੇ ਕਾਰਡ ਰਾਹੀਂ ਦਾਖਿਲ ਕੀਤਾ ਗਿਆ ਹੈ ਅਤੇ ਇਲਾਜ ਹੋ ਰਿਹਾ ਹੈ ਅਤੇ ਸਭ ਸਹੂਲਤਾਂ ਮੁਫ਼ਤ ਹੀ ਮਿਲ ਰਹੀਆਂ ਹਨ |