ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆ ਕਰ ਰਹੇ ਹਨ ਕੋਚ ਪਰਮਜੀਤ ਸ਼ਰਮਾ ਦੇ ਵਿਦਿਆਰਥੀ
ਤਾਜ਼ਾ ਰਾਸ਼ਟਰਮੰਡਲ ਖੇਡਾਂ ਵਿੱਚ ਹਰਜਿੰਦਰ ਕੌਰ ਵੱਲੋਂ ਜਿੱਤਿਆ ਕਾਂਸੇ ਦਾ ਤਗ਼ਮਾ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 08 ਅਗਸਤ 2022-
ਬਰਮਿੰਘਮ ਵਿਖੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਖਿਡਾਰੀ ਹਰਜਿੰਦਰ ਕੌਰ ਵੱਲੋਂ ਕਾਂਸੀ ਦਾ ਤਗ਼ਮਾ ਜਿੱਤਿਆ ਗਿਆ ਹੈ। ਹਰਜਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਨਾਲ਼ ਸੰਬੰਧਤ ਕੋਚ ਪਰਮਜੀਤ ਸ਼ਰਮਾ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ।
ਅਰਜਨ ਐਵਾਰਡੀ ਕੋਚ ਪਰਮਜੀਤ ਸ਼ਰਮਾ ਖੁਦ ਵੀ ਇੱਕ ਚੋਟੀ ਦੇ ਖਿਡਾਰੀ ਰਹੇ ਹਨ। ਉਨ੍ਹਾਂ 1990 ਦੀਆਂ ਰਾਸ਼ਟਰਮੰਡਲ ਖੇਡਾਂ, ਜੋ ਕਿ ਨਿਊਜ਼ੀਲੈਂਡ ਦੇ ਔਕਲੈਂਡ ਵਿਖੇ ਆਯੋਜਿਤ ਹੋਈਆਂ ਸਨ, ਵਿੱਚ ਸੋਨ ਤਗਮੇ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ।
ਪਰਮਜੀਤ ਸ਼ਰਮਾ ਇੱਕ ਆਮ ਪਰਿਵਾਰ ਨਾਲ ਸੰਬੰਧ ਰਖਦੇ ਹਨ। ਉਨ੍ਹਾਂ ਦਾ ਜਨਮ 1957 ਵਿੱਚ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ। ਪਰਮਜੀਤ ਸ਼ਰਮਾ ਲਗਭਗ 20 ਸਾਲ ਦੀ ਉਮਰ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਭਾਰਤੀ ਫੌਜ ਵੱਲੋਂ ਵੀ ਬਹੁਤ ਸਾਰੇ ਖੇਡ ਮੁਕਾਬਲਿਆਂ ਵਿੱਚ ਦੇਸ ਦੀ ਪ੍ਰਤੀਨਿਧਤਾ ਕੀਤੀ ਹੈ।
ਆਪਣੇ ਖੇਡਣ ਦੇ ਸ਼ੌਕ ਦੀ ਸ਼ੁਰੂਆਤ ਬਾਰੇ ਗੱਲ ਕਰਦਿਆਂ ਪਰਮਜੀਤ ਸ਼ਰਮਾ ਦਸਦੇ ਹਨ ਕਿ ਫੌਜ ਵਿੱਚ ਪੰਜ ਸੱਤ ਸਾਲ ਰਹਿਣ ਤੋਂ ਬਾਅਦ ਜਦੋਂ ਸਿਪਾਹੀ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਸਨ ਤਾਂ ਉਨ੍ਹਾਂ ਅੰਦਰ ਵੀ ਹੋਰਨਾਂ ਨੂੰ ਦੇਖ ਕੇ ਖੇਡ ਰੁਚੀ ਪੈਦਾ ਹੋਈ। ਉਨ੍ਹਾਂ ਨੇ ਭਾਰ ਚੁੱਕਣ ਦੀ ਖੇਡ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।ਇਸ ਖੇਤਰ ਵਿੱਚ ਸਖਤ ਮਿਹਨਤ ਕਰਨ ਸਦਕਾ ਪਰਮਜੀਤ ਸ਼ਰਮਾ ਨੇ ਭਾਰਤੀ ਫੌਜ ਵਿੱਚ ਰਹਿੰਦਿਆਂ ਬਹੁਤ ਸਾਰੇ ਤਗਮੇ ਪ੍ਰਾਪਤ ਕੀਤੇ। ਫੌਜ ਵਿੱਚ ਰਹਿੰਦਿਆਂ ਹੀ ਪਰਮਜੀਤ ਸ਼ਰਮਾ ਨੇ ਮਹਾਰਾਜਾ ਰਣਜੀਤ ਸਿੰਘ ਖੇਡ ਤਗਮਾ ਜਿੱਤਿਆ। ਇਸ ਤੋਂ ਬਾਅਦ 1990 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪਰਮਜੀਤ ਸ਼ਰਮਾ ਨੂੰ ਭਾਰ ਚੁੱਕਣ ਦੇ ਮੁਕਾਬਲੇ ਵਿੱਚ ਭਾਰਤ ਵੱਲੋਂ ਨਿਊਜ਼ਲੈਂਡ ਵਿੱਚ ਭੇਜਿਆ ਗਿਆ। ਉੱਥੇ ਪਰਮਜੀਤ ਸ਼ਰਮਾ ਨੇ ਆਪਣਾ ਹੁਨਰ ਦਿਖਾਉਂਦਿਆਂ ਸੋਨ ਤਗਮੇ ਹਾਸਿਲ ਕੀਤੇ। ਇਸੇ ਤਰ੍ਹਾਂ ਹੋਰ ਕਈ ਦੇਸ਼ਾਂ ਪਾਕਿਸਤਾਨ, ਨੇਪਾਲ ਵਿੱਚ ਜਾ ਕੇ ਵੀ ਭਾਰਤ ਦਾ ਨਾਮ ਚਮਕਾਇਆ।
ਤਾਜ਼ਾ ਰਾਸ਼ਟਰਮੰਡਲ ਕਾਂਸੀ ਤਗ਼ਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਨਾਲ ਸੰਪਰਕ ਵਿੱਚ ਆਉਣ ਬਾਰੇ ਪਰਮਜੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਸੀ ਮੁਲਾਕਾਤ ਪਹਿਲੀ ਵਾਰ 2016 ਵਿੱਚ ਉਸ ਸਮੇਂ ਹੋਈ ਜਦੋਂ ਉਹ ਭਾਰ ਚੁੱਕਣ ਦੇ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਸੀ। ਉਸਦੇ ਖੇਡ ਵਿੱਚ ਦਿਖਾਏ ਗਏ ਜੋਸ਼ ਅਤੇ ਪ੍ਰਤਿਭਾ ਨੂੰ ਦੇਖਦਿਆਂ ਪਰਮਜੀਤ ਸ਼ਰਮਾ ਨੇ ਉਸਨੂੰ ਆਪਣੀ ਅਗਵਾਈ ਹੇਠ ਸਿਖਲਾਈ ਦੇਣ ਦੀ ਪੇਸ਼ਕਸ਼ ਕੀਤੀ। ਉਹ ਦਸਦੇ ਹਨ ਕਿ ਹਰਜਿੰਦਰ ਕੌਰ ਪਹਿਲਾਂ ਤੋਂ ਹੀ ਇੱਕ ਵਧੀਆ ਖਿਡਾਰਨ ਸੀ। ਉਹ ਨਾਭਾ ਜ਼ਿਲ੍ਹੇ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹੈ। ਆਰਥਿਕ ਪੱਖੋਂ ਹਰਜਿੰਦਰ ਕੌਰ ਦੀ ਹਾਲਤ ਬਹੁਤ ਚੰਗੀ ਨਹੀ ਸੀ ਜਿਸ ਕਰਕੇ ਉਸ ਨੂੰ ਆਪਣੀ ਖੇਡ ਜਾਰੀ ਰੱਖਣ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਾਲਜ ਵਿੱਚ ਪੜ੍ਹਨ ਸਮੇਂ ਦੌਰਾਨ ਹਰਜਿੰਦਰ ਕੌਰ ਨੇ ਯੂਨੀਵਰਸਿਟੀ, ਅੰਤਰ-ਯੂਨੀਵਰਸਿਟੀ, ਰਾਜ ਤੇ ਰਾਸ਼ਟਰੀ ਪੱਧਰ ਉੱਤੇ ਸੋਨ ਤਗਮੇ ਹਾਸਿਲ ਕੀਤੇ।
ਕੋਚ ਪਰਮਜੀਤ ਸ਼ਰਮਾ ਦੀ ਅਗਵਾਈ ਹੇਠ ਖੇਡਣ ਨਾਲ ਹਰਜਿੰਦਰ ਕੌਰ ਦੀ ਖੇਡ ਵਿੱਚ ਨਿਖਾਰ ਆਇਆ ਅਤੇ ਉਸਨੇ ਹੋਰ ਬਹੁਤ ਸਾਰੇ ਮੁਕਾਬਲਿਆਂ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ।ਮੌਜੂਦਾ ਸਮੇਂ ਹਰਜਿੰਦਰ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਤ ਕਾਲਜ ਸ. ਰਜਿੰਦਰ ਸਿੰਘ ਕਾਲਜ ਕਲਿਆਣ ਵਿੱਚ ਆਪਣੀ ਐਮ-ਪੀ.ਐੱਡ. ਦੀ ਪੜ੍ਹਾਈ ਕਰ ਰਹੀ ਹੈ।
ਹਰਜਿੰਦਰ ਕੌਰ ਵੱਲੋਂ ਕੀਤੀ ਇਸ ਤਾਜ਼ਾ ਪ੍ਰਾਪਤੀ ਦੇ ਹਵਾਲੇ ਨਾਲ਼ ਪਰਮਜੀਤ ਸ਼ਰਮਾ ਦਾ ਕਹਿਣਾ ਹੈ ਕਿ ਖੇਡ ਇੱਕ ਅਜਿਹੀ ਗਤੀਵਿਧੀ ਹੈ, ਜੋ ਮਨੁੱਖ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਜਿੱਥੇ ਦੁਨੀਆਂ ਦੇ ਹੋਰ ਵੱਖ-ਵੱਖ ਦੇਸ਼ ਖੇਡਾਂ ਰਾਹੀਂ ਆਪਣੇ ਦੇਸ਼ ਦੇ ਲੋਕਾਂ ਦੀ ਯੋਗਤਾ ਸਾਬਿਤ ਕਰਦੇ ਹਨ ਉੱਥੇ ਹੀ ਭਾਰਤ ਵੀ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਲਗਭਗ ਹਰ ਗਤੀਵਿਧੀ ਵਿੱਚ ਆਪਣਾ ਯੋਗਦਾਨ ਦਿੰਦਾ ਹੈ। ਭਾਵੇਂ ਇਹ ਖੇਡਾਂ ਹੋਣ ਜਾਂ ਫਿਰ ਸੱਭਿਆਚਾਰਿਕ ਗਤੀਵਿਧੀਆਂ, ਓਲੰਪਿਕ ਹੋਵੇ ਜਾਂ ਫਿਰ ਰਾਸ਼ਟਰਮੰਡਲ ਖੇਡਾਂ, ਕਿਤੇ ਨਾ ਕਿਤੇ ਭਾਰਤ ਦਾ ਨਾਮ ਜ਼ਰੂਰ ਆਉਂਦਾ ਹੀ ਆਉਂਦਾ ਹੈ।
(ਲੇਖਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਲੋਕ ਸੰਪਰਕ ਵਿਭਾਗ ਤੋਂ ਪੱਤਰਕਾਰੀ ਦੀ ਸਿਖਲਾਈ ਹਾਸਿਲ ਕਰ ਰਿਹਾ ਹੈ।)