ਸਿਹਤ ਮੰਤਰੀ ਵੱਲੋਂ ਆਪਣੇ ਨਿੱਜੀ ਖਰਚੇ ਵਿੱਚੋਂ 200 ਗੱਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਭੇਜੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 8 ਅਗਸਤ 2022 - ਪਿਛਲੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜ ਬਹਾਦਰ ਵਿਚਕਾਰ ਹੋਏ ਵਿਵਾਦ ਦੇ ਚੱਲਦਿਆਂ ਹਲੇ ਵੀਸੀ ਰਾਜ ਬਹਾਦਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਅਸਤੀਫੇ ਨੂੰ ਮਨਜੂਰ ਨਹੀ ਕੀਤਾ ਹੈ। ਇਸੇ ਦੇ ਮੱਦੇਨਜ਼ਰ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਆਪਣੇ ਨਿੱਜੀ ਖਾਤੇ ਵਿੱਚੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਮਰੀਜ਼ਾਂ ਲਈ 200 ਦੇ ਕਰੀਬ ਨਵੇਂ ਗੱਦੇ ਭੇਜੇ ਹਨ ਤੇ ਜਿਸਨੂੰ ਲੈ ਕੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਖੁਸ਼ੀ ਪਾਈ ਜਾ ਰਹੀ ਹੈ।
ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਵੀਸੀ ਰਾਜ ਬਹਾਦਰ ਦਾ ਵੀ ਗੰਦੇ ਗੱਦਿਆਂ ਪਿੱਛੇ ਹੀ ਵਿਵਾਦ ਹੋਇਆ ਸੀ ਕਿਉਂਕਿ ਚੇਤਨ ਸਿੰਘ ਜੋੜਾਮਾਜਰਾ ਨੇ ਵੀਸੀ ਰਾਜ ਬਹਾਦਰ ਨੂੰ ਗੰਦੇ ਗੱਦੇ ਤੇ ਪੈਣ ਨੂੰ ਮਜਬੂਰ ਕਰ ਦਿੱਤਾ ਸੀ ਤੇ ਉਸਤੋਂ ਬਾਅਦ ਵੀਸੀ ਰਾਜ ਬਹਾਦਰ ਨੇ ਆਪਣਾ ਪੰਜਾਬ ਸਰਕਾਰ ਨੂੰ ਅਸਤੀਫਾ ਭੇਜ ਦਿੱਤਾ ਸੀ।
ਮੈਡੀਕਲ ਲਈ ਕੀਤੇ ਇੱਕ ਚੰਗੇ ਕੰਮ ਦੀ ਹਰੇਕ ਪਾਸੇ ਤਾਰੀਫ਼ ਹੋ ਰਹੀ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਸੈਕਟਰੀ ਗੁਰਤੇਜ ਸਿੰਘ ਖੋਸਾ ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਕੀਤੇ ਕੰਮ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਵੇਂ ਗੱਦੇ ਆਉਣਗੇ। ਇਸ ਮੌਕੇ ਤੇ ਅਮਨਦੀਪ ਸਿੰਘ ਬਾਬਾ, ਰਵੀ ਬੁਗਰਾ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।