SGPC ਪ੍ਰਧਾਨ ਧਾਮੀ ਦਾ RSS ' ਤੇ ਵੱਡਾ ਹਮਲਾ - ਕਿਹਾ ਪੰਥ ਵੱਡੀਆਂ ਪਾਉਣ ਵਾਲਿਆਂ ਨੂੰ ਦੇ ਰਹੀ ਹੈ ਸ਼ਹਿ
- ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹਥਿਆਉਣ ਦੀ ਸੋਚ ਵਾਲੇ ਪੰਥ ਵਿਰੋਧੀਆਂ ਦੇ ਇਰਾਦੇ ਕਾਮਯਾਬ ਨਹੀਂ ਹੋਣਗੇ-ਐਡਵੋਕੇਟ ਧਾਮੀ
ਅੰਮ੍ਰਿਤਸਰ , 8 ਅਗਸਤ, 2022 - ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਲਈ ਸਰਗਰਮ ਧਰਮ ਪ੍ਰਚਾਰ ਲਹਿਰ ਜਾਰੀ ਰੱਖਣ ਦਾ ਐਲਾਨ ਕਰਦਿਆਂ ਸੰਗਤ ਨੂੰ ਵੀ ਸਿੱਖੀ ਪ੍ਰਚਾਰ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਹੁਤ ਸਾਰੇ ਲੋਕ ਸਿੱਖ ਵਿਰੋਧੀ ਸ਼ਕਤੀਆਂ ਦੀ ਸ਼ਹਿ ’ਤੇ ਸਿੱਖ ਪੰਥ ਵਿਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ, ਜਿਨ੍ਹਾਂ ਦੀਆਂ ਚਾਲਾਂ ਨੂੰ ਸਮਝਣ ਦੀ ਵੱਡੀ ਲੋੜ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਆਰਐਸਐਸ ਦੀ ਸ਼ਹਿ ’ਤੇ ਇਹ ਲੋਕ ਪੰਜਾਬ ਅੰਦਰ ਜ਼ਮੀਨ ਤਿਆਰ ਕਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਦਾ ਮੰਤਵ ਸਿੱਧੇ ਅਸਿੱਧੇ ਤੌਰ ’ਤੇ ਸ਼੍ਰੋਮਣੀ ਕਮੇਟੀ ਚੋਣਾਂ ਰਾਹੀਂ ਗੁਰਦੁਆਰਿਆਂ ਦਾ ਪ੍ਰਬੰਧ ਹਥਿਆਉਣਾ ਹੈ।
ਪਰੰਤੂ ਖਾਲਸਾ ਪੰਥ ਅਜਿਹੀਆਂ ਸ਼ਕਤੀਆਂ ਵਿਰੁੱਧ ਹਮੇਸ਼ਾ ਤਕੜਾ ਰਿਹਾ ਹੈ ਅਤੇ ਅੱਜ ਵੀ ਸ਼ਕਤੀਸ਼ਾਲੀ ਹੈ, ਜੋ ਇਨ੍ਹਾਂ ਦੀਆਂ ਸਾਜ਼ਿਸ਼ੀ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਆਖਿਆ ਕਿ ਚੁਣੌਤੀਆਂ ਦੇ ਸਮੇਂ ਵਿਚ ਸਿੱਖ ਕੌਮ ਹਮੇਸ਼ਾ ਪ੍ਰਫੁੱਲਤ ਹੋਈ ਹੈ ਅਤੇ ਇਸ ਦਾ ਗਵਾਹ ਸਿੱਖ ਇਤਿਹਾਸ ਦੇ ਸਾਕੇ ਤੇ ਮੋਰਚੇ ਹਨ। ਗੁਰਦੁਆਰਾ ਗੁਰੂ ਕਾ ਬਾਗ ਦਾ ਮੋਰਚਾ ਵੀ ਅਜਿਹੀਆਂ ਚੁਣੌਤੀਆਂ ਵਿੱਚੋਂ ਹੀ ਨਿਕਲਿਆ ਸੀ ਅਤੇ ਸਿੱਖ ਕੌਮ ਨੇ ਵਿਰੋਧੀ ਸ਼ਕਤੀਆਂ ਨੂੰ ਮਾਤ ਦਿੱਤੀ ਸੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਸਰਹੱਦੀ ਇਲਾਕੇ ਵਿਚ ਧਰਮ ਪ੍ਰਵਰਤਨ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਲਗਾਤਾਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਉਂਝ ਇਸ ਸਬੰਧੀ ਚਰਚਾ ਜ਼ਿਆਦਾ ਹੈ ਅਤੇ ਜ਼ਮੀਨੀ ਪੱਧਰ ’ਤੇ ਹਾਲਾਤ ਕੁਝ ਹੋਰ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਸਿੱਖ ਮਿਸ਼ਨਰੀ ਕਾਲਜਾਂ ਦੇ ਸੈਂਕੜੇ ਵਿਦਿਆਰਥੀ ਸਰਹੱਦੀ ਇਲਾਕਿਆਂ ਵਿਚ ਪ੍ਰਚਾਰ ਲਈ ਤੋਰੇ ਜਾਣਗੇ, ਤਾਂ ਜੋ ਧਰਮ ਪ੍ਰਵਰਤਨ ਬਾਰੇ ਚਰਚਾ ਦਾ ਸੱਚ ਜਾਣਿਆ ਜਾ ਸਕੇ।