ਨਵਾਂਸ਼ਹਿਰ ਜ਼ਿਲ੍ਹੇ ’ਚ ਧੱਫ਼ੜੀ ਰੋਗ ਤੋਂ ਬਚਾਅ ਲਈ 19 ਵੈਟਰਨਰੀ ਟੀਮਾਂ ਤਾਇਨਾਤ
- ਬਿਮਾਰੀ ਨਾਲ ਪ੍ਰਭਾਵਿਤ ਪਸ਼ੂਆਂ ’ਚੋਂ 50 ਫ਼ੀਸਦੀ ਠੀਕ ਹੋਏ
- ਤੰਦਰੁਸਤ ਪਸ਼ੂਆਂ ਨੂੰ ਬਚਾਉਣ ਲਈ 1599 ਦਾ ਟੀਕਾਰਕਰਣ ਕੀਤਾ ਗਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 8 ਅਗਸਤ, 2022 - ਪ੍ਰਮੁੱਖ ਸਕੱਤਰ, ਪਸ਼ੂ ਪਾਲਣ, ਸ੍ਰੀ ਵਿਕਾਸ ਪ੍ਰਤਾਪ ਵੱਲੋਂ ਪਸ਼ੂਆਂ ਦੇ ਧੱਫ਼ੜੀ ਰੋਗ ਨਾਲ ਨਿਪਟਣ ਲਈ ਵਿਭਾਗ ਦੇ ਜ਼ਿਲ੍ਹਾ ਪੱਧਰ ’ਤੇ ਤਾਇਨਾਤ ਡਿਪਟੀ ਡਾਇਰੈਕਟਰਾਂ ਨੂੰ ਦਿੱਤੀਆਂ ਹਦਾਇਤਾਂ ਦੀ ਪਾਲਣਾ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 19 ਵੈਟਰਨਰੀ ਟੀਮਾਂ ਪ੍ਰਭਾਵਿਤ ਪਸ਼ੂਆਂ ਦੀ ਦੇਖਭਾਲ ਅਤੇ ਪਸ਼ੂ ਪਾਲਕਾਂ ਨੂੰ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਕ ਕਰਨ ਵਿੱਚ ਲਾਈਆਂ ਗਈਆਂ ਹਨ।
ਇਹ ਪ੍ਰਗਟਾਵਾ ਕਰਦਿਆਂ ਡਾ. ਚੰਦਰ ਪਾਲ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਇਸ ਬਿਮਾਰੀ ਨਾਲ ਪੀੜਤ 1457 ਪਸ਼ੂਆਂ ਵਿੱਚੋਂ 50 ਫ਼ੀਸਦੀ ਠੀਕ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਟੀਮਾਂ ਘਰੋ-ਘਰੀ ਜਾ ਕੇ ਲੋਕਾਂ ਨੂੰ ਬਿਮਾਰੀ ਫ਼ੈਲਣ ਦੇ ਕਾਰਨਾਂ, ਬਚਾਅ ਤੇ ਟੀਕਾਕਰਣ ਬਾਰੇ ਜਾਣਕਾਰੀ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਕੈਪਰੋ ਪੌਕਸ ਵਾਇਰਸ ਕਰਕੇ ਹੁੰਦੀ ਹੈ ਅਤੇ ਇਲਾਜ ਕਰਾਉਣ ਨਾਲ ਹਫ਼ਤੇ ਬਾਅਦ ਠੀਕ ਹੋਣੀ ਸ਼ੁਰੂ ਹੋ ਜਾਦੀ ਹੈ। ਇਸ ਬਿਮਾਰੀ ਨਾਲ ਪਸ਼ੂਆਂ ਨੂੰ ਬੁਖਾਰ ਹੋ ਜਾਦਾ ਹੈ ਅਤੇ ਸਰੀਰ ’ਤੇ ਧੱਫੜੀ ਹੋ ਜਾਦੀ ਹੈ। ਇਹ ਬਿਮਾਰੀ ਮੱਖੀ, ਮੱਛਰ ਅਤੇ ਚਿੱਚੜ੍ਹਾਂ ਨਾਲ ਫੈਲਦੀ ਹੈ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਬਿਮਾਰੀ ਦੇ ਬਚਾਅ ਲਈ ਹੁਣ ਤੱਕ 1599 ਤੰਦਰੁਸਤ ਪਸ਼ੂਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ, ਜੋ ਕਿ ਸਰਕਾਰ ਵੱਲੋਂ ਭੇਜੇ ਗਏ ਸਨ।
ਡਾ. ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਨੇ ਇਸ ਬਿਮਾਰੀ ਦੀ ਰੋਕਥਾਮ ਲਈ ਉਪਾਅ ਦੱਸਦਿਆਂ ਕਿਹਾ ਕਿ ਬਿਮਾਰੀ ਤੋ ਪ੍ਰਭਾਵਿਤ ਪਸ਼ੂਆਂ ਨਾਲੋਂ ਬਾਕੀ ਪਸ਼ੂਆਂ ਨੂੰ ਤੁਰੰਤ ਵੱਖ ਕਰ ਦਿੱਤਾ ਜਾਵੇ ਅਤੇ ਬਿਮਾਰੀ ਨਾਲ ਪ੍ਰਭਾਵਿਤ ਪਸ਼ੂਆਂ ਨੂੰ ਵੱਖ-ਵੱਖ ਕਰਨ ਨਾਲ ਨਾਲ ਉਨ੍ਹਾਂ ਦੇ ਵਰਤੋਂ ਵਿੱਚ ਆਉਣ ਵਾਲੀ ਸਾਜੋ-ਸਮੱਗਰੀ ਵੀ ਅਲੱਗ-ਅਲੱਗ ਕਰ ਦਿੱਤੀ ਜਾਵੇ। ਇਹ ਵੀ ਖਿਆਲ ਰੱਖਿਆ ਜਾਵੇ ਕਿ ਪ੍ਰਭਾਵਿਤ ਸ਼ੱਕੀ ਲੱਛਣਾਂ ਵਾਲੇ ਪਸ਼ੂਆਂ ਦੀ ਆਵਾਜਾਈ ਪੂਰੀ ਤਰ੍ਹਾ ਬੰਦ ਕਰ ਦਿੱਤੀ ਜਾਵੇ। ਕਿਸੇ ਵੀ ਹਾਲਤ ਵਿੱਚ ਜਾਨਵਰਾਂ ਨੂੰ ਕਿਸੇ ਹੋਰ ਫਾਰਮ ਜਾ ਕਿਸੇ ਪਿੰਡ ਵਿੱਚ ਨਾ ਲਿਜਾਇਆ ਜਾਵੇ, ਕਿਉਂ ਜੋ ਬਿਮਾਰੀ ਦਾ ਵਿਸ਼ਾਣੂ ਮੱਖੀ ਮੱਛਰ ਅਤੇ ਚਿੱਚੜ੍ਹਾਂ ਰਾਹੀਂ ਫੈਲਦਾ ਹੈ।
ਇਸ ਲਈ ਮੱਖੀ ਮੱਛਰ ਅਤੇ ਚਿੱਚੜ੍ਹਾਂ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਅਮਲ ਵਿੱਚ ਲਿਆਂਦਾ ਜਾਵੇ। ਬਿਮਾਰੀ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਦੀ ਆਵਾਜਾਈ ਅਤੇ ਖਰੀਦਦਾਰੀ ਬੰਦ ਕਰ ਦਿੱਤੀ ਜਾਵੇ। ਡੇਅਰੀ ਫਾਰਮ ਅਤੇ ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਕਰਨ ਲਈ ਵਿਭਾਗ ਦੇ ਸਟਾਫ ਨਾਲ ਸਲਾਹ ਮਸ਼ਵਰਾ ਕਰਕੇ ਫਰਮਲੀਨ 1% ਜਾਂ ਸੋਡੀਅਮ ਹਾਈਪੋਕਲੋਰਾਈਟ 2-3% ਆਦਿ ਦੀ ਵਰਤੋਂ ਕੀਤੀ ਜਾਵੇ। ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖ ਰੱਖਿਆ ਜਾਵੇ ਅਤੇ ਇਹ ਧਿਆਨ ਰੱਖਿਆ ਜਾਵੇ ਕਿ ਬਿਮਾਰ ਪਸ਼ੂਆਂ ਦੇ ਸੇਵਾਦਾਰ ਤੰਦਰੁਸਤ ਪਸ਼ੂਆਂ ਦੇ ਸ਼ੈਡਾਂ ਵਿੱਚ ਨਾ ਜਾਣ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵੱਲੋਂ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਤੰਦਰੁਸਤ ਗਾਂਵਾਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣ।
ਜੇਕਰ ਸਾਨ੍ਹਾਂ ਵਿੱਚ ਇਹ ਬਿਮਾਰੀ ਆਉਂਦੀ ਹੈ ਤਾਂ ਉਨ੍ਹਾਂ ਦੀ ਨਾਲ ਹੀ ਨਸਲਕਸ਼ੀ ਕਰਵਾਈ ਜਾਵੇ ਅਤੇ ਵੀਰਜ ਪ੍ਰਾਪਤ ਨਾ ਕੀਤੀ ਜਾਵੇ ਤਾਂ ਜੋ ਬਿਮਾਰੀ ਦੀ ਰੋਕਥਾਮ ਹੋ ਸਕੇ।
ਫ਼ੋਟੋ ਕੈਪਸ਼ਨ: