1.18 ਲੱਖ ਤੋਂ ਵੱਧ ਇੰਤਕਾਲ ਕਰ ਕੇ ਜਲੰਧਰ ਸੂਬੇ ਭਰ ’ਚ ਸਭ ਤੋਂ ਘੱਟ ਪੈਂਡੈਂਸੀ ’ਚ ਮੋਹਰੀ
- ਜ਼ਿਲ੍ਹੇ ’ਚ ਕੇਵਲ 1.81 ਫੀਸਦੀ ਇੰਤਕਾਲ ਬਕਾਇਆ, ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਬਕਾਇਆ ਇੰਤਕਾਲਾਂ ਦੇ ਨਿਪਟਾਰੇ ’ਚ ਹੋਰ ਤੇਜ਼ੀ ਲਿਆਉਣ ਦੀਆਂ ਹਦਾਇਤਾਂ
- ਕੋਰਟ ਕੇਸ, ਤਕਸੀਮ ਦੇ ਕੇਸਾਂ, ਸਟੈਂਪ ਡਿਊਟੀ ਰਿਕਵਰੀ,ਮਾਲ ਰਿਕਾਰਡ ਦੀ ਅਪਡੇਸ਼ਨ, ਰੈਵੇਨਿਊ-ਕੋਰਟ ਮੈਨੇਜਮੈਂਟ ਸਿਸਟਮ ਦਾ ਵੀ ਲਿਆ ਜਾਇਜ਼ਾ
ਜਲੰਧਰ, 8 ਅਗਸਤ 2022 - ਜ਼ਿਲ੍ਹਾ ਜਲੰਧਰ ਨੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਜਾਇਦਾਦਾਂ ਦੇ ਵੱਧ ਤੋਂ ਵੱਧ ਇੰਤਕਾਲ ਅਤੇ ਸਭ ਤੋਂ ਘੱਟ ਪੈਂਡੇਸੀ ਨੂੰ ਯਕੀਨੀ ਬਣਾ ਕੇ ਸੂਬੇ ਭਰ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ 1,18180 ਇੰਤਕਾਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੇਵਲ 2141 ਇੰਤਕਾਲ ਬਕਾਇਆ ਹਨ, ਜੋ ਕਿ ਕੁਲ ਕੇਸਾਂ ਦਾ 1.81 ਫੀਸਦੀ ਬਣਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਬਕਾਇਆ ਇੰਤਕਾਲਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ 13 ਅਗਸਤ ਸ਼ਨੀਵਾਰ ਨੂੰ ਰਾਸ਼ਟਰੀ ਲੋਕ ਅਦਾਲਤ ਵਾਲੇ ਦਿਨ ਤਹਿਸੀਲ ਤੇ ਸਬ ਤਹਿਸੀਲ ਪੱਧਰ ’ਤੇ ਵਿਸ਼ੇਸ਼ ਤੌਰ 'ਤੇ ਵੱਧ ਤੋਂ ਵੱਧ ਇੰਤਕਾਲਾਂ ਦੇ ਕੇਸ ਨਬੇੜੇ ਜਾਣ ਤਾਂ ਜੋ ਜ਼ੀਰੋ ਪੈਂਡੇਸੀ ਨੂੰ ਯਕੀਨੀ ਬਣਾਇਆ ਜਾ ਸਕੇ।
ਸਟੈਂਪ ਡਿਊਟੀ ਰਿਕਵਰੀ ਦਾ ਜਾਇਜ਼ਾ ਲੈਂਦਿਆਂ ਜਸਪ੍ਰੀਸ ਸਿੰਘ ਨੇ ਅਧਿਕਾਰੀਆਂ ਨੂੰ ਰਿਕਵਰੀ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਰਿਕਵਰੀਆਂ ਪਹਿਲ ਦੇ ਆਧਾਰ ’ਤੇ ਕੀਤੀਆਂ ਜਾਣ ਅਤੇ ਐਸ.ਡੀ.ਐਮਜ਼ ਨੂੰ ਨਿੱਜੀ ਤਵਜੋਂ ਦਿੰਦਿਆਂ ਰਿਕਵਰੀ ਦੀ ਹਰ 15 ਦਿਨਾਂ ਬਾਅਦ ਸਮੀਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਰਟ ਕੇਸਾਂ ਖਾਸ ਕਰ ਤਕਸੀਮ ਦੇ ਕੇਸਾਂ ਦਾ ਜਾਇਜ਼ਾ ਲੈਂਦਿਆਂ ਇਕ ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਮਾਲ ਰਿਕਾਰਡ ਦੀ ਅਪਡੇਸ਼ਨ, ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ ਦੀ ਵੀ ਸਮੀਖਿਆ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮਜ਼. ਜੈ ਇੰਦਰ ਸਿੰਘ, ਬਲਬੀਰ ਰਾਜ ਸਿੰਘ, ਲਾਲ ਵਿਸ਼ਵਾਸ, ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ (ਯੂ.ਟੀ.) ਪੰਕਜ ਬਾਂਸਲ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਅਤੇ ਮਾਲ ਵਿਭਾਗ ਦੇ ਅਧਿਕਾਰੀ ਮੌਜੂਦ ਸਨ।