ਪਾਵਰਕਾਮ ਦੇ ਪੈਨਸ਼ਨਰਾਂ ਵੱਲੋਂ ਬਿਜਲੀ ਬਿੱਲ 2022 ਦਾ ਕੀਤਾ ਵਿਰੋਧ
ਬਿਜਲੀ ਬਿਲ 2022 ਨੂੰ ਰੱਦ ਨਾ ਕੀਤਾ ਗਿਆ ਤਾਂ ਜੱਥੇਬੰਦੀ ਸਮਾਜ ਦੇ ਹੋਰ ਵਰਗਾਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨਗੀਆ
ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 09 ਅਗਸਤ 2021 ਪਾਵਰਕਾਮ ਅਤੇ ਟਰਾਂਸਕਾਮ ਦੇ ਸੇਵਾ ਮੁਕਤ ਕਾਮਿਆਂ ਦੀ ਸਰਬ-ਸਾਂਝੀ ਜੱਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਸਾਥੀ ਜਰਨੈਲ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਬਿਲ 2022 ਦਾ ਡਟਵਾਂ ਵਿਰੋਧ ਕਰਦਿਆਂ, ਬਿਲ ਦੇ ਖ਼ਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ। ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸਰਕਲ ਕਮੇਟੀ ਦੇ ਪ੍ਰਧਾਨ ਪਿਆਰਾ ਲਾਲ, ਗੋਬਿੰਦ ਕਾਂਤ, ਪਰਮਜੀਤ ਸ਼ਰਮਾ, ਸੁਖਵਿੰਦਰ ਸਿੰਘ ਅਤੇ ਮਿਰਜ਼ਾ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਬਿਲ 2022 ਨੂੰ ਰੱਦ ਨਾ ਕੀਤਾ ਗਿਆ ਤਾਂ ਜੱਥੇਬੰਦੀ ਸਮਾਜ ਦੇ ਹੋਰ ਵਰਗਾਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰੇਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਇੱਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਰਿਟਾਇਰਡ ਮੁਲਾਜ਼ਮਾਂ ਦੇ ਆਰ.ਪੀ.ਪੀ.ਓ. ਦੇ ਲਗਭਗ 5000 ਕੇਸ ਪੈਨਸ਼ਨ ਸੈਕਸ਼ਨ ਪਟਿਆਲਾ ਦੇ ਦਫ਼ਤਰ ਵਿੱਚ ਲਮਕ ਅਵਸਥਾ ਵਿੱਚ ਪਏ ਹਨ। ਇਸ ਤਰ੍ਹਾਂ ਏ.ਓ. ਫੀਲਡ ਪਟਿਆਲਾ ਦੇ ਦਫ਼ਤਰ ਦਾ ਵਤੀਰਾ ਰਿਟਾਇਰਡ ਮੁਲਾਜ਼ਮਾਂ ਦੇ ਕੇਸ ਚੈਕ ਕਰਨ ਸਬੰਧੀ ਸੰਜੀਦਾ ਨਹੀਂ ਹੈ। ਇਨ੍ਹਾਂ ਮੰਗਾਂ ਨੂੰ ਹੱਲ ਕਰਾਉਣ ਲਈ ਚੇਅਰਮੈਨ ਬਿਜਲੀ ਬੋਡਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਉਪਰੋਕਤ ਮਸਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ| ਇਹ ਜਾਣਕਾਰੀ ਪ੍ਰੈਸ ਸਕੱਤਰ ਕਰਨੈਲ ਸਿੰਘ ਭੱਟੀਆਂ ਵੱਲੋਂ ਦਿੱਤੀ ਗਈ।