ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫਰੀਦਕੋਟ 9 ਅਗਸਤ 2022 - ਐੱਸ.ਐੱਚ.ਐੱਫ. (ਰਜਿ:) ਦੇ ਸੇਵਾਦਾਰਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਲਈ ਇੱਕ ਸਾਦਾ ਸਮਾਰੋਹ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ, ਕੋਟਕਪੂਰਾ ਰੋਡ ਫਰੀਦਕੋਟ ਵਿਖੇ ਕਰਵਾਇਆ ਗਿਆ |ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਐੱਫ. (ਰਜਿ:) ਫਰੀਦਕੋਟ ਦੇ ਸੇਵਾਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗੁਰੂ ਆਸਰਾ ਕਲੱਬ ਦੇ ਸਹਿਯੋਗ ਨਾਲ ਫਰੀਦਕੋਟ ਦੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ |
ਇਹਨਾਂ ਪਰਿਵਾਰਾਂ ਵਿੱਚ ਬੇਸਹਾਰਾ ਬਜ਼ੁਰਗ, ਅੰਗਹੀਣ ਅਤੇ ਵਿਧਵਾਵਾਂ ਸ਼ਾਮਲ ਹਨ |ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬ ਨਾਲ ਸਬੰਧਤ ਗੁਰੂ ਆਸਰਾ ਕਲੱਬ ਦੇ ਨੌਜਵਾਨ ਵੀਰਾਂ-ਭੈਣਾਂ ਵੱਲੋਂ ਸੰਗਤੀ ਰੂਪ ਵਿੱਚ ਹਰ ਮਹੀਨੇ ਆਪਣੀ ਕਿਰਤ ਕਮਾਈ ਦਾ ਦਸਵੰਧ ਇਕੱਠਾ ਕਰਦੇ ਹਨ ਅਤੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਰਥਿਕ ਮੱਦਦ, ਲੋੜਵੰਦ ਮਰੀਜਾਂ ਦੇ ਇਲਾਜ ਆਦਿ ਦੀ ਸੇਵਾ ਵਿੱਚ ਸਹਿਯੋਗ ਕਰਦੇ ਹਨ |
ਵਿੱਕੀ ਗਰੋਵਰ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਗੁਰੂ ਆਸਰਾ ਕਲੱਬ ਦੇ ਸਮੂਹ ਸੇਵਾਦਾਰ ਵੀਰ ਭੈਣਾਂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਵਿਦੇਸ਼ਾਂ ਵਿੱਚ ਵਸੇ ਧੀਆਂ ਪੁੱਤਰ ਵਿਦੇਸ਼ਾਂ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, ਉੱਥੇ ਹੀ ਪੰਜਾਬ ਦੇ ਲੋੜਵੰਦਾਂ ਦੀ ਮੱਦਦ ਕਰਨਾ ਵੀ ਆਪਣਾ ਫਰਜ਼ ਸਮਝਦੇ ਹਨ | ਇਸ ਮੌਕੇ ਗੁਰਚੈਨ ਸਿੰਘ ਅਤੇ ਅਮਨਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ |