ਨਵ-ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਸਮਾਰਟ ਸਕੂਲ ਪ੍ਰੋਜੈਕਟ ਦੀ ਸਿਖਲਾਈ ਦੇਣ ਲਈ ਤਿਆਰੀਆਂ ਮੁਕੰਮਲ
ਬਾਬੂਸ਼ਾਹੀ ਨੈਟਵਰਕ
ਐੱਸ.ਏ.ਐੱਸ.ਨਗਰ 9 ਅਗਸਤ 2022
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵ ਨਿਯੁਕਤ ਹੋਏ 6635 ਈਟੀਟੀ ਅਧਿਆਪਕਾਂ ਨੂੰ ਸਕੂਲ ਹਰ ਪੱਖੋਂ ਸ਼ਾਨਦਾਰ ਬਣਾਉਣ ਲਈ ਪ੍ਰੇਰਿਤ ਕਰਨ ਹਿੱਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਹਾਇਕ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸਮਾਰਟ ਸਕੂਲ ਸੁਰੇਖਾ ਠਾਕੁਰ ਦੀ ਦੇਖ ਰੇਖ ਵਿੱਚ ਮੀਟਿੰਗ ਕੀਤੀ ਗਈ ਤਾਂ ਜੋ ਨਵ ਨਿਯੁਕਤ ਅਧਿਆਪਕ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਆਪਣੇ ਆਪਣੇ ਸਕੂਲਾਂ ਨੂੰ ਸ਼ਾਨਦਾਰ ਸਹੂਲਤਾਂ ਨਾਲ ਲੈਸ ਕਰ ਸਕਣ
ਇਸ ਤੋਂ ਇਲਾਵਾ ਸਮਾਜ ਦੀ ਭਾਗੀਦਾਰੀ ਰਾਹੀਂ ਸਕੂਲਾਂ ਦਾ ਵਿਕਾਸ ਕਰਨ, ਅਤਿ ਆਧੁਨਿਕ ਤਕਨੀਕਾਂ ਸਕੂਲਾਂ ਵਿੱਚ ਉਪਲਬਧ ਕਰਨ, ਐਜੂਕੇਸ਼ਨ ਪਾਰਕਾਂ ਦਾ ਨਿਰਮਾਣ, ਬਿਲਡਿੰਗ ਨੂੰ ਸਿੱਖਿਆਦਾਇਕ ਬਣਾਉਣ, ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਉਪਰਾਲੇ ਕਰ ਸਕਣ। ਇਸ ਲਈ ਸਮੂਹ ਜਿਲਿਆਂ ਦੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਤੇ ਕੋਰ ਕਮੇਟੀ ਸਮਾਰਟ ਸਕੂਲ ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਤਾਲਮੇਲ ਕਰ ਕੇ ਜਿਲ੍ਹਾ ਪੱਧਰ ਤੇ ਇਹਨਾਂ ਅਧਿਆਪਕਾਂ ਨੂੰ ਵੱਖ-ਵੱਖ ਗੇੜਾਂ ਵਿਚ ਟਰੇਨਿੰਗ ਦਿੱਤੀ ਜਾਵੇਗੀ।
ਸੁਰੇਖਾ ਠਾਕੁਰ ਦੀ ਅਗਵਾਈ ਸਮਾਰਟ ਸਕੂਲ ਪ੍ਰੋਜੈਕਟ ਸਬੰਧੀ ਆਨਲਾਈਨ ਟ੍ਰੇਨਿੰਗ ਵੀ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਮਾਰਟ ਸਕੂਲ ਪ੍ਰੋਜੈਕਟ ਦਾ ਉਦੇਸ਼, ਸਮਾਰਟ ਸਕੂਲ ਪਾਲਿਸੀ, ਸਮੁਦਾਇ ਦੀ ਭਾਗੀਦਾਰੀ ਅਤੇ ਸਮਾਰਟ ਤਕਨਾਲੋਜੀ ਦਾ ਗੁਣਾਤਮਕ ਸਿੱਖਿਆ ਨਾਲ ਸਬੰਧ ਬਾਰੇ ਟ੍ਰੇਨਿੰਗ ਦਿੱਤੀ ਗਈ।
ਇਸ ਵਿੱਚ ਅਮਰਜੀਤ ਸਿੰਘ ਚਹਿਲ, ਲਵਜੀਤ ਸਿੰਘ ਗਰੇਵਾਲ ਅਤੇ ਹਰਿੰਦਰ ਸਿੰਘ ਗਰੇਵਾਲ ਬਤੌਰ ਰਿਸੋਰਸ ਪਰਸਨ ਸਮੇਤ ਸਮੂਹ ਜ਼ਿਲ੍ਹਿਆਂ ਦੇ ਸਮਾਰਟ ਸਕੂਲ ਮੈਂਟਰ ਅਤੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਸ਼ਾਮਿਲ ਹੋਏ।