ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ 14 ਅਗਸਤ ਨੂੰ ਜਲੰਧਰ ਅਤੇ 15 ਅਗਸਤ ਨੂੰ ਮੋਗਾ ਵਿਖੇ ਕਰੇਗਾ ਪ੍ਰੋਟੈਸਟ ਰੋਸ਼ ਮਾਰਚ
ਰੋਹਿਤ ਗੁਪਤਾ
ਗੁਰਦਾਸਪੁਰ 09 ਅਗਸਤ 2022: ਭਾਰਤ ਤੋਂ ਪੰਜਾਬ ਦੀ ਆਜ਼ਾਦੀ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫ਼ੀ, ਬਰਗਾੜੀ-ਬਹਿਬਲ ਇੰਨਸਾਫ ਨਾਲ ਖਿਲਵਾੜ, ਦਰਬਾਰ ਸਾਹਿਬ ਸਮੇਤ ਬੇਅਦਬੀਆਂ ਦੀਆਂ ਘਟਨਾਵਾਂ, ਯੂ.ਏ.ਪੀ.ਏ ਤਹਿਤ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ, ਪਾਣੀਆਂ ਦੀ ਲੁੱਟ, ਧਾਰਮਿਕ ਘੱਟ ਗਿਣਤੀ ਕੌਮਾਂ ਅਤੇ ਮੂਲ ਨਿਵਾਸੀਆਂ ਉੱਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਅਤੇ ਭਾਜਪਾ ਦੀ ਅਗਵਾਈ ਵਾਲੀ ਹਿੰਦੂਵਾਦੀ ਸਰਕਾਰ ਨੂੰ ਚੁਣੌਤੀ ਦੇਣ ਲਈ 14 ਅਗਸਤ ਨੂੰ ਜਲੰਧਰ ਅਤੇ15 ਅਗਸਤ ਨੂੰ ਮੋਗਾ ਵਿਖੇ ਪ੍ਰੋਟੈਸਟ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਬਟਾਲੇ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਦਲ ਖ਼ਾਲਸਾ ਤੇ ਸ਼੍ਰੋਮਣੀ ਆਕਾਲੀ ਦਲ ਅਮ੍ਰਿਤਸਰ ਦੇ ਆਗੂ ਗੁਰਬਚਨ ਸਿੰਘ ਪਵਾਰ ਅਤੇ ਦਿਲਬਾਗ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 13 ਤੋਂ 15 ਅਗਸਤ ਨੂੰ ‘ਹਰ ਘਰ ਤਿਰੰਗਾ’ ਸੱਦੇ ਦਾ ਜ਼ੋਰਦਾਰ ਵਿਰੋਧ ਕੀਤਾ । ਉਨ੍ਹਾਂ ਨੇ ਕਿਹਾ ਕਿ 'ਹਰ ਘਰ ਤਰੰਗਾਂ' ਮੁਹਿੰਮ ਨੂੰ ਸਫਲ ਬਣਾਉਣ ਲਈ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਕਰੋੜਾਂ ਤਿਰੰਗੇ ਝੰਡੇ ਵੰਡਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਹਿੰਦਵਾਦੀ ਪਾਰਟੀ ਵੱਲੋਂ ਤਿਰੰਗੇ ਦੀ ਆੜ ਹੇਠ ਅਖੌਤੀ ਰਾਸ਼ਟਰਵਾਦ ਲੋਕਾਂ ਉੱਤੇ ਥੋਪਿਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਮੁੱਢੋਂ ਰੱਦ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਨੂੰ ਰੱਦ ਕਰਦਿਆਂ, ਦੋਵੇਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸਿੱਖਾਂ ਨੂੰ ਆਪਣੇ ਘਰਾਂ 'ਤੇ ਖਾਲਸਾਈ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤੇ ਵਿੱਚ ਜਿਲਾ ਗੁਰਦਾਸਪੁਰ ਦੇ ਕਾਰਕੁਨ ਵੀ ਝੰਡੇ ਤਿਆਰ ਕਰਕੇ ਸਿੱਖਾਂ ਵਿੱਚ ਵੰਡਣਗੇ।
ਉਨ੍ਹਾਂ ਕਿਹਾ ਕਿ ਜਿਸ ਤਿਰੰਗੇ ਦੀ ਛਤਰ-ਛਾਇਆ ਹੇਠ ਭਾਰਤੀ ਸੁਰੱਖਿਆ ਬਲਾਂ ਨੇ ਪਿਛਲੇ 40 ਸਾਲਾਂ ਵਿੱਚ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਗੈਰ-ਨਿਆਇਕ ਢੰਗ ਨਾਲ ਸ਼ਹੀਦ ਕੀਤਾ ਹੋਵੇ, ਇੱਕ ਸੱਚਾ ਪੰਜਾਬੀ ਅਤੇ ਸਿੱਖ ਉਸ ਤਿਰੰਗੇ ਨੂੰ ਕਿਵੇਂ ਅਪਣੇ ਘਰ ਜਾਂ ਆਦਾਰੇ 'ਤੇ ਲਹਿਰਾ ਸਕਦਾ ਹੈ? ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਨਾਲ ਕੋਈ ਇਤਰਾਜ਼ ਨਹੀਂ ਜੋ ਆਪਣੀਆਂ ਛੱਤਾਂ 'ਤੇ ਨਿਸ਼ਾਨ ਸਾਹਿਬ ਨਹੀਂ ਲਹਿਰਾਉਣਾ ਚਾਹੁੰਦੇ। ਮੁਸਲਮਾਨ ਆਪਣੇ ਪਵਿੱਤਰ ਹਰੇ ਝੰਡੇ ਲਹਿਰਾ ਸਕਦੇ ਹਨ, ਕਾਮਰੇਡ ਅਤੇ ਖੱਬੇਪੱਖੀ ਝੁਕਾਅ ਵਾਲੇ ਕਿਸਾਨ ਯੂਨੀਅਨਾਂ ਆਪੋ-ਆਪਣੇ ਹਰੇ, ਲਾਲ ਜਾਂ ਚਿੱਟੇ ਝੰਡੇ ਲਹਿਰਾਉਣ। ਉਨ੍ਹਾਂ ਨੇ ਆਖਿਆ ਕਿ 14 ਅਗਸਤ ਨੂੰ ਜਲੰਧਰ ਵਿਖੇ ਅਤੇ 15 ਅਗਸਤ ਨੂੰ ਮੋਗਾ ਵਿਖੇ ਹੋ ਰਹੇ ਮਾਰਚ ਵਿੱਚ ਵੱਡੇ ਜੱਥਿਆ ਨਾਲ ਸ਼ਾਮਲ ਹੋਣਗੇ।
ਬਾਈਟ....ਗੁਰਬਚਨ ਸਿੰਘ ਪਵਾਰ
ਬਾਈਟ....ਦਿਲਬਾਗ ਸਿੰਘ ਖਾਲਸਾ