ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਸਹਾਇਕ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਂਪਦੇ ਹੋਏ।
ਅਜ਼ਾਦੀ ਵਾਲੇ ਦਿਨ ਬੰਦੀ ਸਿੱਖ ਰਿਹਾਅ ਕੀਤੇ ਜਾਣ : ਜਥੇਦਾਰ ਮੋਹਨ ਸਿੰਘ ਕਰਤਾਰਪੁਰ
ਦੇਸ ਦੀ ਅਜ਼ਾਦੀ ’ਚ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਦੀ ਅਣਦੇਖੀ ਨਾ ਕਰਨ ਪ੍ਰਧਾਨ ਮੰਤਰੀ
ਜਗਤਾਰ ਸਿੰਘ
ਪਟਿਆਲਾ 09 ਅਗਸਤ 2022: ਪੰਜਾਬ ਸਿੱਖ ਕੌਂਸਲ ਨੇ ਸਿੱਖ ਮਸਲਿਆਂ ਸਬੰਧੀ ਇਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੁੰ ਭੇਜ ਕੇ ਦੇਸ਼ ਦੀ ਵੰਡ ਤੋਂ ਬਾਅਦ ਸਿੱਖ ਕੌਮ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਵਿਤਕਰੇ ਬਾਰੇ ਜਾਣੂੰ ਕਰਵਾਇਆ। ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਸਹਾਇਕ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ 15 ਅਗਸਤ ਵਾਲੇ ਦਿਨ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਸਮੇਂ ਸਿੱਖਾਂ ਨੇ 95 ਫੀਸਦੀ ਕੁਰਬਾਨੀਆਂ ਦਿੱਤੀਆਂ, ਪ੍ਰੰਤੂ ਅੱਜ ਵੀ ਸਿੱਖਾਂ ਨੂੰ ਗੁਲਾਮੀ ਵਰਗਾ ਅਹਿਸਾਸ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਕ ਵੱਖਰੀ ਨਸਲ ਤੇ ਵੱਖਰੀ ਕੌਮ ਹੈ। ਸਿੱਖਾਂ ਦਾ ਵੱਖਰਾ ਪੰਥ ਤੇ ਵੱਖਰਾ ਗ੍ਰੰਥ ਹੈ, ਜੋ ਸਰਬੱਤ ਦਾ ਭਲਾ ਮੰਗਦਾ ਹੈ, ਪ੍ਰੰਤੂ ਸਿੱਖਾਂ ਨੂੰ ਦੇਸ਼ ਦੇ ਵਿਧਾਨ ਵਿਚ ਮਾਨਤਾ ਨਹੀਂ ਦਿੱਤੀ ਗਈ ਅਤੇ ਸਿੱਖਾਂ ਨੂੰ ਅੱਜ ਵੀ ਵੱਡੀ ਪੀੜਾ ਵਿਚੋਂ ਲੰਘਣਾ ਪੈ ਰਿਹਾ ਹੈ। ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਦੱਸਿਆ ਕਿ 1984 ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਢਹਿ ਢਰੀ ਕੀਤਾ ਗਿਆ ਅਤੇ ਗੁਰਧਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ, ਪ੍ਰੰਤੂ ਅੱਜ ਤੱਕ ਸਿੱਖਾਂ ਨੂੰ ਬਣਦਾ ਇਨਸਾਫ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦੀ ਸਿੱਖ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਜੋ ਅੱਜ ਤੱਕ ਰਿਹਾਅ ਨਹੀਂ ਕੀਤੇ ਗਏ ਅਤੇ ਪਾਰਲੀਮੈਂਟ ਸੈਸ਼ਨ ਦੌਰਾਨ ਸਿੱਖ ਮਸਲਿਆਂ ’ਤੇ ਕੋਈ ਚਰਚਾ ਨਹੀਂ ਕੀਤੀ ਗਈ। ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਪੰਜਾਬ ਸਿੱਖ ਕੌਮ ਦਾ ਵਫ਼ਦ ਮੰਗ ਕਰਦਾ ਹੈ ਕਿ 15 ਅਗਸਤ ਨੂੰ ਦੇਸ਼ ਦੀ ਅਜ਼ਾਦੀ ਵਾਲੇ ਦਿਨ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਸਿੱਖਾਂ ਦੇ ਅਣਗੌਲੇ ਮਸਲਿਆਂ ਤੇ ਵੀ ਵਿਚਾਰ ਕਰਕੇ ਸਿੱਖਾਂ ਨਾਲ ਨਿਆਂ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਪੰਜੋਲਾ, ਸੰਤੋਖ ਸਿੰਘ ਮਵੀਸੱਪਾਂ, ਸਤਪਾਲ ਸਿੰਘ ਬਲਬੇੜਾ, ਦਰਸ਼ਨ ਸਿੰਘ ਨੌਗਾਵਾਂ ਤੇ ਹੋਰ ਆਗੂ ਹਾਜ਼ਰ ਸਨ।