← ਪਿਛੇ ਪਰਤੋ
ਅਕਲੀਆ ਵਿਖੇ 75 ਸਾਲਾ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਇਆ ਮਾਨਸਾ 09 ਅਗਸਤ 2022: ਤਾਜੇਸਵਰ ਸਿੰਘ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ ਦੀ ਦੇਖ-ਰੇਖ ਹੇਠ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਅਕਲੀਆ ਵਿਖੇ 75 ਸਾਲਾਂ ਦੇ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਇਆ ਗਿਆ ਜਿਸ ਦੌਰਾਨ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਧੰਨਾ ਸਿੰਘ ਅਕਲੀਆ ਚੇਅਰਮੈਨ ਜਿਲ੍ਹਾ ਸਹਿਕਾਰੀ ਯੂਨੀਅਨ ਮਾਨਸਾ ਨੇ ਕਿਹਾ ਕਿ ਲੱਖਾਂ ਭਾਰਤੀਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜਾਦ ਕਰਵਾਇਆ ਹੈ। ਅਜਾਦ ਹੋਣ ਉਪਰੰਤ ਲੋਕਾਂ ਵੱਲੋਂ ਆਪਣੀਆਂ ਸਰਕਾਰਾਂ ਚੁਣੀਆਂ ਗਈਆਂ ਹਨ। ਸਰਕਾਰਾਂ ਵੱਲੋਂ ਦੇਸ਼ ਦੀ ਤਰੱਕੀ ਲਈ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਅਤੇ ਦੇਸ਼ ਦੀ ਤਰੱਕੀ ਹੋਈ ਅਤੇ ਦੇਸ਼ ਆਤਮ-ਨਿਰਭਰ ਬਣਿਆ। ਦੇਸ਼ ਦੀ ਤਰੱਕੀ ਵਿੱਚ ਸਹਿਕਾਰਤਾ ਨੇ ਅਹਿਮ ਰੋਲ ਅਦਾ ਕੀਤਾ ਹੈ। ਸਹਿਕਾਰਤਾ ਨਾਲ ਜੁੜ ਕੇ ਆਮ ਲੋਕਾਂ ਨੇ ਆਪਣਾ ਜੀਵਨ ਪੱਧਰ ਉੱਚਾ ਚੁੱਕਿਆ ਹੈ। ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ 15 ਅਗਸਤ ਨੂੰ ਹਰ ਘਰ ਦੀ ਛੱਤ ਤੇ ਤਰੰਗਾ ਝੰਡਾ ਲਹਿਰਾਉਣ ਅਤੇ ਆਪਣੇ ਆਪ ਨੂੰ ਅਜਾਦ ਭਾਰਤ ਦੇ ਵਾਸੀ ਹੋਣ ਦਾ ਗੌਰਵ ਮਹਿਸੂਸ ਕਰਨ। ਇਸ ਸਮੇਂ ਮਾਲਵਿੰਦਰ ਸਿੰਘ ਇੰਸਪੈਕਟਰ ਇੰਚਾਰਜ ਸਭਾ ਨੇ ਸਹਿਕਾਰੀ ਸਭਾਵਾਂ ਰਾਹੀਂ ਇਸਤਰੀਆਂ ਨੂੰ ਸਵੈ-ਨਿਰਭਰ ਹੋਣ ਲਈ ਸਭਾਵਾਂ ਵਿੱਚ ਇਸਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਕਿੱਤਾ ਮੁਖੀ ਟ੍ਰੇਨਿੰਗਾਂ ਦੀ ਜਾਣਕਾਰੀ ਦਿੱਤੀ। ਸ਼ਮਸ਼ੇਰ ਸਿੰਘ ਈ.ਆਈ. ਪਨਕੋਫੈੱਡ ਨੇ ਸਭਾਵਾਂ ਦੀ ਕਾਰਜ ਵਿਧੀ ਬਾਰੇ ਅਤੇ ਸਭਾਵਾਂ ਦੇ ਵਿਕਾਸ ਲਈ ਸੁਝਾਅ ਪੇਸ਼ ਕੀਤੇ। ਚੌਧਰੀ ਜੀਤ ਰਾਮ ਏਰੀਆ ਇੰਚਾਰਜ ਇਫਕੋ ਨੇ ਨੈਨੋ ਯੂਰੀਆ ਦੀ ਵਰਤੋਂ ਬਾਰੇ ਅਤੇ ਇਫਕੋ ਦੀਆਂ ਹੋਰ ਖਾਦਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਫਕੋ ਵੱਲੋਂ ਸਭਾਵਾਂ ਨੂੰ ਦਿੱਤੀ ਜਾਂਦੀ ਮਾਲੀ ਮਦਦ ਬਾਰੇ ਵੀ ਦੱਸਿਆ। ਗੁਰਮੀਤ ਗਾਗੋਵਾਲ ਸਹਾਇਕ ਮੈਨੇਜਰ ਡੀ.ਸੀ.ਯੂ ਮਾਨਸਾ ਨੇ ਅਜਾਦੀ ਦੀ ਮਹੱਤਤਾ ਨੂੰ ਦਰਸਾਉਂਦੇ ਗੀਤ ਗਾ ਕੇ ਪ੍ਰੋਗਰਾਮ ਦੀ ਰੋਚਕਤਾ ਵਧਾਈ। ਗੁਰਜੰਟ ਸਿੰਘ ਕਮੇਟੀ ਮੈਂਬਰ ਨੇ ਸਭਾਵਾਂ ਵਿੱਚ ਕਰਮਚਾਰੀਆਂ ਦੀ ਭਰਤੀ ਨੂੰ ਸਰਲ ਬਣਾਉਣ ਲਈ ਵਿਭਾਗੀ ਅਧਿਕਾਰੀਆਂ ਨੂੰ ਅਪੀਲ ਕੀਤੀ। ਹੇਮ ਰਾਜ ਸਕੱਤਰ ਸਭਾ ਰੱਲਾ ਨੇ ਸਭਾਵਾਂ ਵਿੱਚ ਕਰਮਚਾਰੀਆਂ ਦੇ ਰੋਲ ਬਾਰੇ ਦੱਸਿਆ ਅਤੇ ਕਰਮਚਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਨੌਕਰੀ ਕਰਨ ਦੀ ਅਪੀਲ ਕੀਤੀ। ਅੰਮ੍ਰਿਤ ਪਾਲ ਸਿੰਘ ਸਕੱਤਰ ਸਭਾ ਨੇ ਸਭਾ ਦੀ ਕਾਰਗੁਜਾਰੀ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ।
Total Responses : 189