ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ ਮਨਾਇਆ ਜਾਏਗਾ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਕਾਮੇ ਵੱਡੇ ਕਾਫ਼ਲੇ ਨਾਲ 12 ਅਗਸਤ ਨੂੰ ਸ਼ਮੂਲੀਅਤ ਕਰਨਗੇ : ਧੰਨਾ ਮੱਲ ਗੋਇਲ
ਸੰਜੀਵ ਜਿੰਦਲ,ਬਾਬੂਸ਼ਾਹੀ ਨੈਟਵਰਕ
ਮਾਨਸਾ, 10 ਅਗਸਤ 2022 : ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਮਨਾਏ ਜਾ ਰਹੇ ਸ਼ਹੀਦ ਕਿਰਨਜੀਤ ਕੌਰ ਦੇ 25ਵੇਂ ਸ਼ਰਧਾਂਜਲੀ ਸਮਾਗਮ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੂਰੇ ਮਾਲਵੇ ਦੇ ਜਿਲ੍ਹਿਆਂ ਵਿੱਚੋਂ ਇਨਕਲਾਬੀ ਜੋਸ਼ ਨਾਲ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਡਾ. ਧੰਨਾ ਮੱਲ ਗੋਇਲ ਸੂਬਾ ਪ੍ਧਾਨ ਦੀ ਪ੍ਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਹੀਦ ਕਿਰਨਜੀਤ ਕੌਰ ਦਾ 25ਵਾਂ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ "ਮੋਦੀ ਹਕੂਮਤ ਦੇ ਘੱਟ ਗਿਣਤੀ ਮੁਸਲਮਾਨਾਂ, ਦਲਿਤਾਂ, ਬੁੱਧੀਜੀਵੀਆਂ, ਚਿੰਤਕਾਂ ਖਿਲਾਫ਼ ਬੋਲੇ ਫਿਰਕੂ ਫਾਸ਼ੀ ਹੱਲੇ" ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਤਿਆਰੀ ਲਈ ਡਿਊਟੀਆਂ ਦੀ ਵੰਡ ਕੀਤੀ ਗਈ। ਹਰ ਕਾਮੇ ਤੱਕ ਫੰਡ ਮੁਹਿੰਮ ਵਿੱਚ ਵੱਧ ਤੋਂ ਵੱਧ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ।
ਵਰਕਰਾਂ ਨੇ ਫੰਡ ਮੁਹਿੰਮ ਵਿੱਚ ਹਿੱਸਾ ਪਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਜਥੇਬੰਦੀ ਨੂੰ ਜੋ ਵੀ ਡਿਉਟੀ ਨਿਭਾਉਣ ਲਈ ਆਖਿਆ ਜਾਵੇਗਾ, ਉਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਉਥੇ ਸ਼ਾਮਲ ਹੋਣ ਵਾਲੇ ਲੋਕਾਂ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।ਆਗੂਆਂ ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ, ਸਕੱਤਰ ਗੁਰਮੇਲ ਸਿੰਘ ਮਾਛੀਕੇ , ਵਿੱਤ ਸਕੱਤਰ ਐਚ. ਐਸ. ਰਾਣੂ, ਦਰਸ਼ਨ ਕੁਮਾਰ ਢਿੱਲਵਾਂ, ਅਵਤਾਰ ਸਿੰਘ ਚੀਮਾ, ਚਮਕੌਰ ਸਿੰਘ , ਦਿਲਦਾਰ ਚਾਹਲ , ਰਘਵੀਰ ਸ਼ਰਮਾ ਆਦਿ ਆਗੂਆਂ ਨੇ 12 ਅਗਸਤ ਦੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ।