ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 12 ਅਗਸਤ ਨੂੰ ਕੱਢੀ ਜਾਵੇਗਾ ਤਿਰੰਗਾ ਯਾਤਰਾ
ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 10 ਅਗਸਤ 2022
75ਵਾਂ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਅਗਸਤ ਨੂੰ ਬਟਾਲਾ ਸ਼ਹਿਰ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ। ਤਿਰੰਗਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ 12 ਅਗਸਤ ਨੂੰ 11:30 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਤਿਰੰਗਾ ਯਾਤਰਾ ਸ਼ੁਰੂ ਹੋਵੇਗੀ ਜੋ ਕਿ ਰੋਡਵੇਜ਼ ਵਰਕਸ਼ਾਪ ਜਲੰਧਰ ਰੋਡ ਤੋਂ ਹੁੰਦੀ ਹੋਈ ਆਰ.ਆਰ. ਬਾਵਾ ਕਾਲਜ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਂਕ, ਸਰਕੂਲਰ ਰੋਡ, ਸਿਟੀ ਰੋਡ ਵਾਲੇ ਹੰਸਲੀ ਪੁੱਲ ਤੋਂ ਹੁੰਦੀ ਹੋਈ ਗਾਂਧੀ ਚੌਂਕ ਅਤੇ ਉਸ ਤੋਂ ਬਾਅਦ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।
ਐੱਸ.ਡੀ.ਐੱਮ. ਬਟਾਲਾ ਨੇ ਦੱਸਿਆ ਕਿ ਤਿਰੰਗਾ ਯਾਤਰਾ ਵਿੱਚ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ, ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੋਂ ਇਲਾਵਾ ਸ਼ਹਿਰ ਦੇ ਮੇਅਰ, ਕੌਂਸਲਰ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਕਾਲਜਾਂ ਦੇ ਵਿਦਿਆਰਥੀ, ਐਨ.ਸੀ.ਸੀ. ਕੈਡਿਟ, ਜੀ.ਓ.ਜੀ ਦੇ ਮੈਂਬਰ ਅਤੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤਿਰੰਗਾ ਯਾਤਰਾ ਵਿੱਚ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨਾਂ ਨਾਲ ਹਿੱਸਾ ਲਿਆ ਜਾ ਸਕਦਾ ਹੈ ਅਤੇ ਹਰ ਵਾਹਨ ਉੱਪਰ ਪੂਰੇ ਸਤਿਕਾਰ ਨਾਲ ਤਿਰੰਗਾ ਝੰਡਾ ਲਗਾਇਆ ਜਾਵੇ।
ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਅੱਗੇ ਦੱਸਿਆ ਕਿ ਤਿਰੰਗਾ ਯਾਤਰਾ ਲਈ ਰਾਸ਼ਟਰੀ ਝੰਡੇ ਦੀ ਖਰੀਦ ਤਹਿਸੀਲਦਾਰ ਦਫ਼ਤਰ ਬਟਾਲਾ ਜਾਂ ਨਗਰ ਨਿਗਮ ਦਫ਼ਤਰ ਬਟਾਲਾ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ।
ਮੀਟਿੰਗ ਵਿੱਚ ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ, ਡੀ.ਐੱਸ.ਪੀ. ਲਲਿਤ ਮੋਹਨ, ਸਕੱਤਰ ਅਨਿਲ ਅਰੋੜਾ, ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਪ੍ਰੋ. ਜਸਬੀਰ ਸਿੰਘ, ਬਾਊ ਸ਼ਾਮ ਸੁੰਦਰ, ਰਾਜਵਿੰਦਰ ਸਿੰਘ ਸਮੇਤ ਹੋਰ ਵੀ ਅਧਿਕਾਰੀ ਹਾਜ਼ਰ ਸਨ।