ਕਪੂਰਥਲਾ; ਨਾਲੇ 'ਚ ਡਿੱਗਿਆ ਬੱਚਾ, NDRF ਵੱਲੋਂ ਬਚਾਅ ਕਾਰਜ ਜਾਰੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈਟਵਰਕ
ਕਪੂਰਥਲਾ, 10 ਅਗਸਤ 2022- ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ 'ਤੇ ਮੰਗਲਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ ਸੀ, ਜਦੋਂ ਕਰੀਬ ਦੋ ਸਾਲ ਦਾ ਬੱਚਾ ਨਾਲ਼ੇ 'ਚ ਡਿੱਗ ਗਿਆ। ਘਟਨਾ ਤੋਂ ਲੈਕੇ ਹੁਣ ਤੱਕ (ਰਾਤ ਦੇ 10 ਵਜੇ ਤੱਕ) ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮੌਕੇ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਤੇ ਬਚਾਅ ਕਾਰਜ ਜਾਰੀ ਹਨ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਰੋਡ 'ਤੇ ਬਣੀਆਂ ਝੁੱਗੀਆਂ 'ਚ ਰਹਿਣ ਵਾਲੇ ਇਕ ਪਰਿਵਾਰ ਦਾ ਡੇਢ ਸਾਲਾ ਬੱਚਾ ਅਚਾਨਕ ਨੇੜਿਓਂ ਲੰਘਦੇ ਨਾਲ਼ੇ ਕੋਲ ਜਾ ਪਹੁੰਚਿਆ ਤੇ ਦੇਖਦਿਆਂ-ਦੇਖਦਿਆਂ ਉਸ 'ਚ ਡਿੱਗ ਗਿਆ। ਇਸ ਦੌਰਾਨ ਉਸ ਦੀ ਮਾਂ ਨੇ ਵੀ ਬੱਚੇ ਨੂੰ ਡਿੱਗਦਿਆਂ ਦੇਖਿਆ ਤਾਂ ਉਸ ਨੇ ਵੀ ਨਾਲ਼ੇ 'ਚ ਛਾਲ ਮਾਰ ਦਿੱਤੀ।
ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਕੱਢ ਲਿਆ ਪਰ ਬੱਚਾ ਅਜੇ ਤੱਕ ਵੀ ਨਹੀਂ ਮਿਲਿਆ। ਘਟਨਾ ਦੀ ਸੂਚਨਾ ਤੁਰੰਤ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ। ਫ਼ਿਲਹਾਲ ਬੱਚੇ ਨੂੰ ਬਚਾਉਣ ਲਈ ਐਨ ਡੀ ਆਰ ਐਫ ਦੀ ਟੀਮ ਨਾਲ ਬਚਾਅ ਕਾਰਜ ਜਾਰੀ ਹਨ। ਮੌਕੇ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਹੋਰ ਅਫਸਰ ਮੌਜੂਦ ਹਨ।