ਕੇਕੇਯੂ ਦੇ ਆਗੂ ਗੁਰਤੇਜ ਸਿੰਘ ਸੰਗਰਾਹੂਰ ਦਾ ਸ਼ਰਧਾਜਲੀ ਸਮਾਰੋਹ
ਦਲਜੀਤ ਕੌਰ ਭਵਾਨੀਗੜ੍ਹ
ਫਰੀਦਕੋਟ, 11 ਅਗਸਤ, 2022: ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਸੰਗਰਾਹੂਰ ਦੇ ਸ਼ਰਧਾਜਲੀ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਤੇ ਲੋਕ ਪੱਖੀ ਆਗੂਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕੇ ਗੁਰਤੇਜ ਸਿੰਘ ਬਹੁਤ ਹੀ ਪ੍ਰਤੀਬੱਧ ਤੇ ਮਿਹਨਤੀ ਕਿਸਾਨ ਆਗੂ ਸਨ।ਜਿਹਨਾਂ ਨੇ ਜਿੰਦਗੀ ਦਾ ਅਹਿਮ ਹਿੱਸਾ ਲੋਕ ਪੱਖੀ ਸੰਘਰਸ਼ਾਂ ਚ ਲਾਇਆ ਖੇਤੀ ਆਰਡੀਨੈਂਸ ਆਓੁਣ ਕਿਸਾਨ ਘੋਲ ਉਸਾਰਣ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਚੇਤੰਨ ਕੀਤਾ ਤੇ ਦਿੱਲੀ ਮੋਰਚੇ 'ਚ ਲੰਬਾ ਸਮਾਂ ਬਿਤਾਇਆ।ਛੋਟੀ ਤੇ ਕਰਜਾਈ ਕਿਸਾਨੀ ਪਰਿਵਾਰ ਚੋਂ ਉੱਠੇ ਗੁਰਤੇਜ ਸਿੰਘ ਨੇ ਤੰਗੀਆਂ ਤੁਰਸ਼ੀਆਂ ਭਰੀ ਜਿੰਦਗੀ ਦੇ ਬਾਵਜੂਦ ਸਮਾਜਿਕ ਸਰੋਕਾਰਾਂ ਦਾ ਪੱਲਾ ਨਹੀ ਛੱਡਿਆ ਤੇ ਗੁਰਤੇਜ ਸਿੰਘ ਵਰਗੇ ਜੁਝਾਰੂ ਸਾਥੀ ਦਾ ਅਚਾਨਕ ਤੁਰ ਜਾਣਾ ਕਿਸਾਨ ਲਹਿਰ ਲਈ ਵੱਡਾ ਘਾਟਾ ਹੈ। ਬੁਲਾਰਿਆਂ ਕਿਹਾ ਕੇ ਜਦੋਂ ਸਮਾਜ ਚ ਨਿੱਜਪ੍ਰਸਤੀ ਸਿਖਰ ਤੇ ਹੋਵੇ ਤਾਂ ਅਜਿਹੇ ਸਮੇਂ ਸਮੂਹ ਲਈ ਜਿੰਦਗੀ ਦਾ ਕੁਝ ਹਿੱਸਾ ਲਾਓੁਣਾ ਪੰਜਾਬ ਦੇ ਜਿਓੁਦੇਂ ਹੋਣ ਦੀ ਨਿਸ਼ਾਨੀ ਹੈ।
ਬੁਲਾਰਿਆਂ ਨੇ ਕਿਹਾ ਕੇ ਖੇਤਾਂ ਚ ਕੰਮ ਕਰਦਿਆਂ ਗੁਰਤੇਜ ਸਿੰਘ ਦੀ ਹੋਈ ਅਚਾਨਕ ਮੌਤ ਮਾਲਵੇ ਦੇ ਸਿਹਤ ਸੰਕਟ ਦੀ ਮੂੰਹ ਬੋਲਦੀ ਤਸਵੀਰ ਹੈ। ਜਿੱਥੇ ਲਗਾਤਾਰ ਗੰਭੀਰ ਬਿਮਾਰੀਆਂ ਫੈਲ ਰਹੀਆਂ ਨੇ ਤੇ ਆਮ ਲੋਕ ਇਸਦਾ ਸ਼ਿਕਾਰ ਹੋ ਰਹੇ ਨੇ ਤੇ ਇਸਦਾ ਕਾਰਨ ਜਹਿਰ ਆਧਾਰਿਤ ਹਰੇ ਇਨਕਲਾਬ ਦਾ ਖੇਤੀ ਮਾਡਲ ਹੈ। ਜਿਸ ਨੇ ਹਵਾ ਪਾਣੀ ਮਿੱਟੀ ਸਭ ਪਲੀਤ ਕਰ ਦਿੱਤਾ ਹੈ। ਇਸ ਲਈ ਹਰੇ ਇਨਕਲਾਬ ਦੇ ਖੇਤੀ ਮਾਡਲ ਦੀ ਜਗਾਹ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਲਾਗੂ ਕਰਨ ਦੀ ਜਰੂਰਤ ਹੈ।
ਗੁਰਤੇਜ ਸਿੰਘ ਦੇ ਸ਼ਰਧਾਜਲੀ ਸਮਾਰੋਹ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸ਼ਮਸ਼ੇਰ ਸਿੰਘ ਕਿੰਗਰਾ ਰਜਿੰਦਰ ਸਿੰਘ ਕਿੰਗਰਾ, ਗੁਰਮੀਤ ਸਿੰਘ ਸੰਗਰਾਹੂਰ, ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਜਗਸੀਰ ਸਿੰਘ ਸਾਧੂਵਾਲਾ, ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ ਸਮੇਤ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਸੰਬੋਧਨ ਕੀਤਾ ਤੇ ਫਰੀਦਕੋਟ ਜਿਲੇ ਦੀਆਂ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਿਲ ਕਿਸਾਨ ਜਥੇਬੰਦੀਆਂ ਨੇ ਸ਼ੋਕ ਸੁਨੇਹੇ ਭੇਜੇ। ਕਿਰਤੀ ਕਿਸਾਨ ਯੂਨੀਅਨ ਨੇ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਹਰ ਮੁਸ਼ਕਿਲ ਵੇਲੇ ਖੜਨ ਦਾ ਅਹਿਦ ਦੁਹਰਾਇਆ।