ਕੁਲਤਾਰ ਸੰਧਵਾਂ ਦੀ ਗੱਡੀ ਨੂੰ ਰਾਹ ਨਾ ਦੇਣ ਤੇ ਸੰਧਵਾਂ ਦੀ ਗਾਰਦ ਵੱਲੋਂ ਟਰੱਕ ਡਰਾਈਵਰ ਨਾਲ ਕੁੱਟਮਾਰ ਦੇ ਦੋਸ਼, ਸੰਧਵਾਂ ਨੇ ਮੰਗੀ ਮਾਫੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 11 ਅਗਸਤ 2022 - ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੰਮ੍ਰਿਤਸਰ ਪਹੁੰਚੇ ਸਨ ਅਤੇ ਉਨ੍ਹਾਂ ਦੇ ਅੰਮ੍ਰਿਤਸਰ ਤੋਂ ਵਾਪਸੀ ਦੇ ਸਮੇਂ ਗੋਲਡਨ ਗੇਟ ਤੋਂ ਮਾਨਾਂਵਾਲਾ ਦੇ ਰਸਤੇ ਦਬੁਰਜੀ ਵਿਖੇ ਸਿਕਿਉਰਿਟੀ ਗਾਰਡ ਵੱਲੋਂ ਇਕ ਟਰੱਕ ਡਰਾਈਵਰ ਨੂੰ ਕੁੱਟਣ ਦੀ ਵੀਡੀਓ ਸਾਹਮਣੇ ਆਈ ਹੈ।
ਇਸ ਵੀਡੀਓ ਵਿੱਚ ਟਰੱਕ ਡਰਾਈਵਰ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਸ ਵਿੱਚ ਉਸ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਕੋਈ ਨੇਤਾ ਲੰਘ ਰਹੇ ਸਨ ਅਤੇ ਉਨ੍ਹਾਂ ਦੀ ਸਕਿਓਰਿਟੀ ਵੱਲੋਂ ਟਰੱਕ ਵੱਲੋਂ ਸਾਈਡ ਮੰਗੀ ਗਈ ਜਦ ਕਿ ਅੱਗੇ ਮੋਟਰਸਾਈਕਲ ਹੋਣ ਕਰਕੇ ਸਾਈਡ ਨਾ ਦੇਣ ਤੇ ਆਪ ਨੇਤਾ ਦੀ ਸਕਿਊਰਿਟੀ ਵੱਲੋਂ ਉਸ ਨਾਲ ਟਰੱਕ ਦੇ ਅੰਦਰ ਬੈਠਿਆਂ ਵੀ ਕੁੱਟ ਮਾਰ ਕੀਤੀ ਗਈ ਹੈ ਅਤੇ ਟਰੱਕ ਤੋਂ ਥੱਲੇ ਲਾਹ ਕੇ ਵੀ ਕੁੱਟ ਮਾਰ ਕੀਤੀ ਗਈ ਹੈ।
ਹਾਲਾਂਕਿ ਟਰੱਕ ਡਰਾਈਵਰ ਮੁਤਾਬਕ ਜੋ ਜਗ੍ਹਾ ਦੱਸੀ ਜਾਰੀ ਹੈ ਉਹ ਮਾਨਾਂਵਾਲਾ ਤੋਂ ਪਹਿਲੇ ਦਬੁਰਜੀ ਦਾ ਇਲਾਕਾ ਦੱਸਿਆ ਜਾ ਰਿਹਾ ਹੈ ਅਤੇ ਉਸ ਥਾਂ ਤੇ ਟਰੱਕ ਡਰਾਈਵਰ ਮੁਤਾਬਕ ਜਾਮ ਵੀ ਲਗਾਇਆ ਗਿਆ ਸੀ ਪਰ ਪੁਲੀਸ ਵੱਲੋ ਉਸ ਨੂੰ ਇਨਸਾਫ ਦੁਆਉਣ ਲਈ ਕਹਿ ਕੇ ਜਾਮ ਖੁਲ੍ਹਵਾ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਟਰੱਕ ਯੂਨੀਅਨ ਏਕਤਾ ਦੇ ਪ੍ਰਧਾਨ ਗੁਰਨਾਮ ਸਿੰਘ ਜੌਹਲ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ,ਜੋ ਇਹ ਕਹਿ ਕੇ ਸੱਤਾ ਵਿੱਚ ਆਈ ਸੀ ਕਿ ਉਹ ਕੋਈ ਵੀ ਗੰਨਮੈਨ ਨਾਲ ਲੈ ਕੇ ਨਹੀਂ ਚੱਲੇਗੀ ਜਦਕਿ ਉਨ੍ਹਾਂ ਦੀ ਸਿਕਿਉਰਿਟੀ ਵੱਲੋਂ ਟਰੱਕ ਡਰਾਈਵਰ ਨਾਲ ਸ਼ਰ੍ਹੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਉਤੇ ਪਾਰਟੀ ਮੁਤਾਬਕ ਐਕਸ਼ਨ ਲਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਜਾਂ ਫਿਰ ਭਾਰਤ ਬੰਦ ਦਾ ਸੰਘਰਸ਼ ਵਿੱਢਿਆ ਜਾਵੇਗਾ।
ਉਥੇ ਦੀ ਦੂਜੇ ਪਾਸੇ ਦੂਜੀ ਧਿਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ। ਸੰਧਵਾਂ ਇਸੇ ਕਾਰ 'ਚ ਬੈਠੇ ਸਨ। ਇਸ ਹਾਦਸੇ ਵਿਚ ਸੰਧਵਾਂ ਵਾਲ ਵਾਲ ਬਚ ਗਏ ਹਨ।
ਸੰਧਵਾਂ ਨੇ ਸੜਕ ਉੱਤੇ ਅਜਿਹੀ ਜਾਨਲੇਵਾ ਲਾਪ੍ਰਵਾਹੀ ਦੀ ਜਾਂਚ ਕਰਾਉਣ ਦੀ ਵਕਾਲਤ ਕੀਤੀ ਹੈ। ਇਸ ਮੌਕੇ ਸਪੀਕਰ ਦੇ ਸੁਰੱਖਿਆ ਮੁਲਾਜ਼ਮਾਂ ਦਾ ਟਰੱਕ ਡਰਾਈਵਰ ਨਾਲ ਬੋਲ ਬੁਲਾਰਾ ਹੋ ਗਿਆ ਸੀ ਪਰ ਮਨੁੱਖਤਾਵਾਦੀ ਰਵੱਈਏ ਦਾ ਪ੍ਰਗਟਾਵਾ ਕਰਦਿਆਂ ਸੰਧਵਾਂ ਨੇ ਇਸ ਲਈ ਮਾਫ਼ੀ ਮੰਗੀ ਹੈ। ਉਹਨਾਂ ਕਿਹਾ ਕਿ ਹਰੇਕ ਡਰਾਈਵਰ ਲਈ ਸੜਕੀ ਸ਼ਿਸ਼ਟਾਚਾਰ ਅਪਣਾਉਣਾ ਲਾਜ਼ਮੀ ਹੈ ਅਤੇ ਨਿਯਮਾਂ ਤੇ ਕਾਨੂੰਨ ਦੀ ਪਾਲਣਾ ਵੀ ਅਤਿ ਜ਼ਰੂਰੀ ਹੈ ਪਰ ਸੜਕ ਉੱਤੇ ਕਿਸੇ ਦੀ ਜਾਨ ਲੈਣ ਵਰਗੀ ਲਾਪ੍ਰਵਾਹੀ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ।