ਪਸ਼ੂਆਂ ਵਿੱਚ ਲੰਪੀ ਸਕਿਨ ਚਮੜੀ ਦੀ ਬਿਮਾਰੀ ਫੈਲੀ, ਪਸ਼ੂਆਂ ਦੇ ਹਸਪਤਾਲ ਵਿਚ ਨਾ ਤਾਂ ਡਾਕਟਰ ਅਤੇ ਨਾ ਦਵਾਈਆਂ - ਚੰਦੂਮਾਜਰਾ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 11 ਅਗਸਤ 2022 - ਲੰਘੇ ਕੁੱਝ ਮਹੀਨਿਆਂ ਤੋਂ ਪੰਜਾਬ ਵਿਚ ਤੇਜੀ ਨਾਲ ਗਾਵਾਂ ਵਿਚ ਫੈਲ ਰਹੀ ਲੰਪੀ ਚਮੜੀ ਬਿਮਾਰੀ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ।ਇਹ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੇਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ : ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਪੰਜਾਬ ਤੇ ਅੱਜ ਗੈਰ ਪੰਜਾਬੀਆਂ ਦਾ ਕਬਜਾ ਹੋ ਗਿਆ ਹੈ ਤੇ ਮੁੱਖ ਮੰਤਰੀ ਇਹਨਾਂ ਗੈਰ ਪੰਜਾਬੀ ਲੋਕਾਂ ਦੇ ਇਸ਼ਾਰਿਆਂ ਤੇ ਕੰਮ ਕਰੇਗਾ ਤਾਂ ਪੰਜਾਬ ਤਾਂ ਲਾਵਾਰਿਸ ਹੀ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਹਲਕਾ ਰਾਜਪੁਰਾ, ਘਨੌਰ ਅਤੇ ਸਨੌਰ ਵਿਚ ਦੋਰੇ ਕਰਕੇ ਪਤਾ ਲਗਾਇਆ ਹੈ ਕਿ ਜ਼ਿਲ੍ਹੇ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਵਿਚ ਪਸ਼ੂਆਂ ਦੇ ਡਾਕਟਰ ਹੀ ਨਹੀਂ ਹੈ ਤੇ ਇਸ ਫੈਲੀ ਬਿਮਾਰੀ ਲੰਪੀ ਦੀਆਂ ਦਵਾਈ ਦੀਆਂ ਖੁਰਾਕਾਂ ਵੀ ਹਸਪਤਾਲਾਂ ਵਿਚ ਨਹੀਂ ਹਨ।ਉਹਨਾਂ ਦੱਸਿਆ ਕਿ ਜ਼ਿਲਾ ਪਟਿਆਲਾ ਵਿਚ 87 ਹਸਪਤਾਲ ਤੇ ਡਿਸਪਂੈਸਰੀਆਂ ਹਨ ਤੇ ਡਾਕਟਰ 74 ਹਨ।ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜ਼ਿਲ੍ਹਾ ਪਟਿਆਲੇ ਵਿਚ ਕਰੀਬ 4 ਲੱਖ ਪਸ਼ੂ ਹਨ ਤੇ ਹਸਤਪਤਾਲਾਂ ਵਿਚ ਸਿਰਫ 3333 ਖੁਰਾਕਾਂ ਹੀ ਭੇਜੀਆਂ ਗਈਆਂ ਹਨ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਚੰਡੀਗੜ੍ਹ ਵਿਚ ਬੈਠ ਕੇ ਇਸ ਬਿਮਾਰੀ ਦਾ ਇਲਾਜ ਨਾਂਹ ਕਰਨ ਸਗੋਂ ਬਾਹਰ ਨਿਕਲ ਕੇ ਹਸਪਤਾਲਾਂ ਵਿਚ ਡਾਕਟਰ ਅਤੇ ਬਿਮਾਰੀ ਦੀਆਂ ਖੁਰਾਕਾਂ ਦਾ ਜਲਦੀ ਪ੍ਰਬੰਧ ਕਰਨ ਕਿਉਂਕਿ ਪਸ਼ੂ ਪਾਲਕਾਂ ਵਿਚ ਚਿੰਤਾ ਤੇ ਸਹਿਮ ਹੈ। ਪਸ਼ੂ ਪਾਲਕ ਤਾਂ ਪਹਿਲਾਂ ਹੀ ਆਰਥਿਕ ਮੰਤੀ ਨਾਲ ਲੜ ਰਹੇ ਹਨ।ਇਕ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ 13 ਅਗਸਤ ਨੂੰ ਕਾਲੀਆਂ ਪਗੜੀਆਂ ਪਹਿਨਣ ਦਾ ਜੋ ਹੁਕਮ ਜਾਰੀ ਹੋਇਆ ਹੈ ਉਸ ਨਾਲ ਅਕਾਲੀ ਦਲ ਸਹਿਮਤ ਹੈ।