15 ਅਗਸਤ ਦਾ ਦਿਨ ਵਿਰੋਧ ਦਿਵਸ ਵਜੋਂ ਮਨਾਓ- ਬੁੱਢੇਵਾਲ, ਲਹਿਰਾ
ਸਰਕਾਰਾਂ ਤੋਂ ਭਲੇ ਦੀ ਝਾਕ ਛੱਡੋ, ਹੱਕਾਂ ਦੀ ਰਾਖੀ ਲਈ ਸੰਘਰਸ਼ਾਂ ਤੇ ਟੇਕ ਰਖੋ
ਚੰਡੀਗੜ੍ਹ, 12 ਅਗਸਤ 2022- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਕੁਲਦੀਪ ਸਿੰਘ ਬੁੱਢੇਵਾਲ, ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਰਮਨਦੀਪ ਕੌਰ ਮਾਨ, ਸਿਮਰਨਜੀਤ ਸਿੰਘ ਨੀਲੋਂ,ਪਵਨ ਕੁਮਾਰ, ਗਗਨਦੀਪ ਸਿੰਘ ਨੇ ਕਿਹਾ ਕਿ 15 ਅਗਸਤ ਨੂੰ ਵਿਰੋਧ ਦਿਵਸ ਵਲੋਂ ਮਨਾਇਆ ਜਾਏਗਾ। ਉਨ੍ਹਾਂ ਕਿਹਾ ਕਿ ਠੇਕਾ ਮੋਰਚੇ ਦੀ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਬਣੀ ਕਮੇਟੀ ਦੇ ਮੈਂਬਰ ਹਰਜੋਤ ਸਿੰਘ ਬੈਂਸ ਨਾਲ ਹੋਈ ਮੀਟਿੰਗ ਦੇ ਵੇਰਵਿਆਂ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਮੰਤਰੀ ਨਾਲ ਅੱਜ ਹੋਈ ਮੀਟਿੰਗ ਵਿੱਚ ਮੰਗਾਂ ਤੋਂ ਇਲਾਵਾ, ਸਰਕਾਰੀ ਵਿਭਾਗਾਂ ਦਾ ਨਿੱਜੀਕਰਣ ਬੰਦ ਕਰਨ, ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਆਊਟਸੋਰਸਡ , ਇੰਨਲਿਸਟਮੈਟ, ਠੇਕੇਦਾਰਾਂ, ਕੰਪਨੀਆਂ ਰਾਹੀ ਲੱਗੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰਨ, ਘੱਟੋ ਘੱਟ ਉਜਰਤ ਦੇ ਕਾਨੂੰਨ 1948 ਮੁਤਾਬਕ ਆਊਟਸੋਰਸ ਮੁਲਾਜਮਾਂ ਦੀ ਘੱਟੋ-ਘੱਟ ਤਨਖ਼ਾਹ ਨਿਸ਼ਚਿਤ ਕਰਨ, ਆਊਟਸੋਰਸ ਭਾਰਤੀ ਦੇ ਅਮਲ ਨੂੰ ਰੱਦ ਕਰਕੇ ਸਿੱਧੀ ਭਰਤੀ ਕਰਨ, ਬਰਨਾਲਾ ਡੀਸੀ ਦਫ਼ਤਰ ਵਿਚ ਕੰਮ ਕਰਦੇ ਆਊਟਸੋਰਸ ਮੁਲਾਜਮਾਂ ਦੀ ਛਾਂਟੀ ਦੇ ਅਮਲ ਨੂੰ ਰੱਦ ਕਰਕੇ ਉਨ੍ਹਾਂ ਨੂੰ ਪੱਕਾ ਰੁਜ਼ਗਾਰ ਦੇਣ ਵਰਗੀਆਂ ਅਹਿਮ ਮੰਗਾਂ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀਆਂ ਹਨ।
ਆਗੂਆਂ ਵੱਲੋਂ ਮੰਤਰੀ ਸਾਹਿਬ ਨੂੰ ਦਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਿਨਾਂ ਸਰਕਾਰੀ ਵਿਭਾਗਾਂ ਵਿਚ 36000ਅਤੇ ਬਿਜਲੀ ਖੇਤਰ ਵਿਚ 1690ਸਹਾਇਕ ਲਾਇਨ ਮੈਨਾਂ ਦੀ ਨਵੀਂ ਪਕੀ ਭਰਤੀ ਦੇ ਇਸ਼ਤਿਹਾਰ ਜਾਰੀ ਕੀਤੇ ਗਏ ਹਨ ਇਨ੍ਹਾਂ ਵਿਭਾਗਾਂ ਵਿਚ ਪਹਿਲਾਂ ਹੀ ਹਜ਼ਾਰਾਂ ਆਊਟਸੋਰਸਡ ਇਨਲਿਸਟਮੈਟ ਕਾਮੇਂ ਕੰਮ ਤੇ ਤੈਨਾਤ ਹਨ। ਉਹ ਸਰਕਾਰ ਵਲੋਂ ਰਖੀਆਂ ਯੋਗਤਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਉਨਾਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰੋਂ ਪੱਕੀ ਭਰਤੀ ਕਰਨ ਦੀ ਇਹ ਨੀਤੀ ਇਨਸਾਫ਼ ਦੀ ਪੱਧਰ ਤੇ ਕਿਵੇਂ ਵੀ ੳਚਿਤ ਨਹੀਂ ਹੈ। ਇਹ ਨੰਗੇ ਚਿੱਟੇ ਰੂਪ ਵਿੱਚ ਉਨ੍ਹਾਂ ਨਾਲ ਪਖਪਾਤ ਹੈ।ਇਸ ਤੋਂ ਵੀ ਹੋਰ ਅੱਗੇ ਬਾਹਰੋਂ ਪੱਕੀ ਭਰਤੀ ਕਰਨ ਉਪਰੰਤ ਇਨ੍ਹਾਂ ਪਾਸੋਂ ਠੇਕਾ ਰੋਜ਼ਗਾਰ ਵੀ ਖੋਹ ਲਿਆ ਜਾਵੇਗਾ।ਇਸ ਲਈ ਡੀ ਸੀ ਦਫਤਰ ਬਰਨਾਲਾ ਵਿਖੇ ਪਕੀ ਭਰਤੀ ਕਰਨ ਉਪਰੰਤ ਸਾਲਾਂ ਵਧੀ ਅਰਸੇ ਤੋਂ ਕੰਮ ਕਰਦੇ ਆਊਟਸੋਰਸਡ ਮੁਲਾਜ਼ਮਾਂ ਤੇ ਛਾਂਟੀ ਦੀ ਤਲਵਾਰ ਲਟਕਾ ਦਿਤੀ ਗਈ ਹੈ। ਬਾਹਰੋਂ ਪੱਕੀ ਭਰਤੀ ਕਰਨ ਉਪਰੰਤ ਹਜ਼ਾਰਾਂ ਹੋਰ ਠੇਕਾ ਮੁਲਾਜ਼ਮਾਂ ਤੋਂ ਆਊਟਸੋਰਸਡ ਦੀ ਨੋਕਰੀ ਵੀ ਖੋਹ ਲਈ ਜਾਵੇਗੀ । ਇਸ ਲਈ ਬਾਹਰੋਂ ਪੱਕੀ ਭਰਤੀ ਕਰਨ ਤੋਂ ਪਹਿਲਾਂ ਆਊਟਸੋਰਸਡ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਅਤਿਅੰਤ ਜ਼ਰੂਰੀ ਹੈ।
ਦੂਸਰੇ ਨੰਬਰ ਤੇ ਮੰਤਰੀ ਸਾਹਿਬ ਨੂੰ ਦਸਿਆ ਗਿਆ ਕਿ, ਕੰਪਨੀਆਂ, ਠੇਕੇਦਾਰਾਂ ਨਾਲ ਕੀਤੇ ਐਗਰੀਮੈਂਟ ਵਿਚ ਕਾਮਿਆਂ ਦੀ ਤਨਖ਼ਾਹ ਘੱਟੋ ਘੱਟ ਉਜਰਤ ਦੇ ਕਾਨੂੰਨ 1948ਅਨੁਸਾਰ ਤਹਿ ਕਰਨ ਲਈ ਲਿਖਿਆ ਗਿਆ ਹੈ ਜਿਸ ਮੁਤਾਬਕ ਇਸ ਸਮੇਂ ਇਕ ਅਣਸਕਿਲਡ ਕਾਮੇ ਦੀ ਇਸ ਸਮੇਂ 25000 ਪ੍ਰਤੀ ਮਹੀਨਾ ਬਣਦੀ ਹੈ ਜਦ ਕਿ ਉਸ ਨੂੰ ਅਦਾਇਗੀ ਸਿਰਫ 9000ਦੇ ਲਗਭਗ ਕੀਤੀ ਜਾਂਦੀ ਹੈ। ਠੇਕੇ ਦਾਰਾਂ, ਕੰਪਨੀਆਂ ਨੂੰ 16%,ਜੀ ਐਸ ਟੀ ਦੇ ਰੂਪ ਵਿੱਚ 18%ਅਤੇ ਸਰਵਿਸ ਚਾਰਜਿਸ ਦੇ ਰੂਪ ਵਿੱਚ 2.5%ਤੋ ਲੈਕੇ 5.5%ਤਕ ਅਨ੍ਹੀ ਲੁੱਟ ਕਰਵਾਈ ਜਾਂਦੀ ਹੈ । ਅਗਰ ਸਰਕਾਰ ਆਊਟਸੋਰਸਡ ਭਰਤੀ ਦੀ ਨੀਤੀ ਨੂੰ ਰੱਦ ਕਰਕੇ ਸਿੱਧੀ ਭਰਤੀ ਕਰਦੀ ਹੈ ਤਾਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਕਰਵਾਈ ਜਾਂਦੀ ਇਹ ਲੁੱਟ ਵਚਾਕੇ ਕਾਮਿਆਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਅਨੁਸਾਰ ਅਦਾਇਗੀ ਵੀ ਕੀਤੀ ਜਾ ਸਕਦੀ ਹੈ।
ਤੀਸਰੇ ਨੰਬਰ ਤੇ ਬਰਨਾਲਾ ਡੀ ਸੀ ਦਫਤਰ ਦੇ ਆਊਟਸੋਰਸਡ ਮੁਲਾਜ਼ਮਾਂ ਦੀ ਛਾਂਟੀ ਦਾ ਮੁੱਦਾ ਇੱਕ ਹੋਰ ਭਖਵੀਂ ਚਰਚਾ ਦਾ ਮੁੱਦਾ ਸੀ। ਆਗੂਆਂ ਵੱਲੋਂ ਮੰਤਰੀ ਸਾਹਿਬ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜਿਸ ਸਮੇਂ ਸਰਕਾਰ ਬਾਹਰੋਂ ਪੱਕੀ ਭਰਤੀ ਦੇ ਫੁਰਮਾਨ ਕਰਕੇ ਲੋਕਾਂ ਚ ਭੱਲ ਬਣਾਉਣ ਦੇ ਯਤਨ ਕਰਦੀ ਹੈ ਠੀਕ ਉਸੇ ਹੀ ਸਮੇਂ ਆਊਟਸੋਰਸਡ ਦੇ ਰੂਪ ਵਿੱਚ ਕੰਮ ਕਰਦੇ ਮੁਲਾਜ਼ਮਾਂ ਪਾਸੋਂ ਠੇਕਾ ਰੋਜ਼ਗਾਰ ਵੀ ਖੋਹ ਲਿਆ ਜਾਂਦਾ ਹੈ। ਇਸ ਤਰ੍ਹਾਂ ਉਹ ਦੋਹਰੇ ਹਮਲੇ ਦੀ ਮਾਰ ਸਹਿਣ ਲਈ ਮਜਬੂਰ ਹੁੰਦੇ ਹਨ। ਪਹਿਲਾਂ ਬਾਹਰੋਂ ਪੱਕੀ ਭਰਤੀ ਦੇ ਫੁਰਮਾਨ ਕਰਕੇ ਉਨ੍ਹਾਂ ਦਾ ਰੈਗੂਲਰ ਹੋਣ ਦਾ ਹੱਕ ਖੋਹ ਲਿਆ ਜਾਂਦਾ ਹੈ । ਦੂਸਰੇ ਹੱਥ ਉਨ੍ਹਾਂ ਦੀ ਛਾਂਟੀ ਕਰਕੇ ਉਨ੍ਹਾਂ ਨੂੰ ਘਰ ਤੋਰ ਦਿੱਤਾ ਜਾਂਦਾ ਹੈ।ਇਸ ਤੋਂ ਵੱਡੀ ਬੇਇਨਸਾਫ਼ੀ ਹੋਰ ਕੀ ਹੋ ਸਕਦੀ ਹੈ। ਜਿਸ ਤੇ ਮੰਤਰੀ ਸਾਹਿਬ ਵਲੋਂ ਕੋਈ ਜਬਾਵ ਨਾ ਹੋਣ ਦੀ ਸੂਰਤ ਵਿੱਚ ਆਉਣ ਵਾਲੇ ਤਿੰਨ ਦਿਨਾਂ ਅੰਦਰ ਇਸ ਛਾਂਟੀ ਦੇ ਮੁੱਦੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਆਗੂਆਂ ਵੱਲੋਂ ਪੰਜਾਬ ਦੇ ਸਮੂਹ ਆਊਟਸੋਰਸਡ, ਇਨਲਿਸਟਮੈਟ ਠੇਕੇਦਾਰਾਂ ਕੰਪਨੀਆਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਇਕ ਜ਼ੋਰਦਾਰ ਅਪੀਲ ਤੇ ਕਿਹਾ ਗਿਆ ਕਿ ਅਗੇ ਜਾ ਕੇ ਵਿਚਾਰਾਂ ਗੇ ਦੀ ਸਰਕਾਰੀ ਗਲ ਕੋਈ ਨਵੀਂ ਨਹੀਂ ਹੈ। ਸਰਕਾਰ ਹਮੇਸ਼ਾਂ ਹੀ ਲਾਰਿਆਂ ਲਪਿਆਂ ਨਾਲ ਕਾਮਿਆਂ ਨੂੰ ਗੁਮਰਾਹ ਕਰਦੀ ਆਈ ਹੈ ਜਿਨ੍ਹਾਂ ਦਾ ਸੇਕ ਠੇਕਾ ਮੁਲਾਜ਼ਮ ਬਾਦਲ ਹਕੂਮਤ ਤੋਂ ਲੈਕੇ ਹੁਣ ਤੱਕ ਝਲਦੇ ਆਏ ਹਨ। ਸਰਕਾਰ ਚਲਾਉਣ ਵਾਲੇ ਮਨੁੱਖ ਤਾਂ ਭਾਵੇਂ ਬਦਲ ਗਏ ਹਨ ਪਰ, ਕਾਰਪੋਰੇਟ ਘਰਾਣਿਆਂ ਦੀ ਸੇਵਾ ਦਾ ਧੰਦਾ ਬਦਸਤੂਰ ਜਾਰੀ ਹੈ।ਕਿਰਤ ਕਰਨ ਵਾਲੇ ਕਾਮਿਆਂ ਨੂੰ ਸਰਕਾਰ ਵੱਲੋਂ ਇਨ੍ਹਾਂ ਅੱਗੇ ਜਬਰ ਦੇ ਜ਼ੋਰ ਪਰੋਸਣ ਦਾ ਧੰਦਾ ਬਦਸਤੂਰ ਜਾਰੀ ਹੈ। ਫਿਰਕਾਪ੍ਰਸਤੀ ਰਾਹੀਂ ਸਾਡੀ ਵੰਡ ਪਾੜ ਕਰਨ , ਜ਼ਬਰ ਦੇ ਜ਼ੋਰ ਸਾਡੀ ਆਵਾਜ਼ ਨੂੰ ਬੰਦ ਕਰਨ ਦਾ ਅਮਲ ਹੁਣ ਗੁਝਾ ਨਹੀਂ ਹੈ। ਇਸ ਲਈ ਸਰਕਾਰ ਪਾਸੋਂ ਕਿਸੇ ਵੀ ਕਿਸਮ ਦੇ ਭਲੇ ਦੀ ਝਾਕ ਛੱਡਕੇ ਸੰਘਰਸ਼ ਦੇ ਰਾਹ ਤੇਜੀ ਨਾਲ ਅੱਗੇ ਵਧੋ।
*ਪਹਿਲਾਂ ਤਹਿ ਕੀਤੇ ਸੰਘਰਸ਼ ਪ੍ਰੋਗਰਾਮ ਮੁਤਾਬਿਕ 15ਅਗਸਤ ਦਾ ਦਿਨ ਵਿਰੋਧ ਦਿਵਸ ਵਜੋਂ ਮਨਾਓ।
ਇਸ ਦਿਨ ਵਿਸ਼ਾਲ ਸਾਂਝੇ ਇਕੱਠ ਕਰਕੇ, ਕਾਲ਼ੇ ਝੰਡੇ ਦਫ਼ਤਰਾਂ ਅੱਗੇ ਲਾਕੇ ,ਕਾਲੇ ਚੋਲੇ ਪਾਕੇ , ਕਾਲ਼ੇ ਬਿੱਲੇ ਲਾ ਕੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਰੋਸ ਪ੍ਰਦਰਸ਼ਨ ਕਰਕੇ, ਕੇਂਦਰ ਅਤੇ ਪੰਜਾਬ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਪੱਖੀ ਖ਼ਸਲਤ ਨੂੰ ਲੋਕਾਂ ਚ ਹੋਰ ਨੰਗਾ ਕਰੋ* ,ਪੱਕਾ ਰੁਜ਼ਗਾਰ ਦੇਣ ਦੇ ਦੰਭ ਹੇਠ ਠੇਕਾ ਰੁਜ਼ਗਾਰ ਵੀ ਖੋਹਣ ਦੀ ਨੀਤੀ ਨੂੰ ਨੰਗਾ ਕਰੋ। ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਡਾਕਾ ਮਾਰਕੇ ਕਾਰਪੋਰੇਟ ਘਰਾਣਿਆਂ, ਕੰਪਨੀਆਂ ਅਤੇ ਠੇਕੇਦਾਰਾਂ ਦੀਆਂ ਝੋਲੀਆਂ ਭਰਨ ਦੀ ਅਸਲੀਅਤ ਨੂੰ ਜਗਜਾਹਰ ਕਰੋ।
*ਸਰਕਾਰ ਤੋਂ ਮੰਗ ਕਰੋ ਕਿ ਕਾਰਪੋਰੇਟ ਪੱਖੀ ਨਿਜੀਕਰਨ ਦਾ ਧੰਦਾ ਬੰਦ ਕਰੇ, ਆਊਟਸੋਰਸਡ ਭਰਤੀ ਦੀ ਥਾਂ ਸਿਧੀ ਪੱਕੀ ਭਰਤੀ ਦੀ ਨੀਤੀ ਲਾਗੂ ਕਰੇ, ਕੰਪਨੀਆਂ ਠੇਕੇਦਾਰਾਂ ਨੂੰ ਸਰਕਾਰੀ ਵਿਭਾਗਾਂ ਵਿਚੋਂ ਬਾਹਰ ਕਰੇ, ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰੇ, ਘੱਟੋ ਘੱਟ ਉਜਰਤ ਦੇ ਕਾਨੂੰਨ ਅਨੁਸਾਰ ਕਾਮਿਆਂ ਦੀ ਤਨਖ਼ਾਹ ਨਿਸ਼ਚਿਤ ਕਰੇ। ਛਾਂਟੀ ਦਾ ਧੰਦਾ ਬੰਦ ਕਰਕੇ, ਛਾਂਟੀ ਕੀਤੇ ਬਰਨਾਲਾ ਡੀ ਸੀ ਦਫਤਰ ਦੇ ਕਾਮਿਆਂ ਸਮੇਤ ਹੋਰ ਸਭ ਨੂੰ ਬਹਾਲ ਕਰੇ। ਸੇਵਾ ਕਾਲ ਦੌਰਾਨ ਹੋਣ ਵਾਲੇ ਘਾਤਕ ਅਤੇ ਗੈਰ ਘਾਤਕ ਹਾਦਸਿਆਂ ਨਾਲ ਪੀੜਤ ਪਰਵਾਰਾਂ ਲਈ ਸਰਕਾਰੀ ਵਿਭਾਗਾਂ ਵਿਚ ਨੋਕਰੀ ਅਤੇ ਮੁਆਵਜ਼ੇ ਦੀ ਅਦਾਇਗੀ ਕਰੇ।