5 ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਪੀ.ਐੱਨ.ਬੀ. ਬੈਂਕ 'ਚੋਂ ਲੁੱਟੇ ਲੱਖਾਂ ਰੁਪਏ
ਮੁੱਲਾਂਪੁਰ ਦਾਖਾ, 12 ਅਗਸਤ 2022- ਪਿੰਡ ਦੇਤਵਾਲ 'ਚ ਸਥਿਤ ਪੀ.ਐੱਨ.ਬੀ. ਬੈਂਕ 'ਚ 5 ਹਥਿਆਰਬੰਦ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ 7,44,230 ਰੁਪਏ ਲੁੱਟ ਲਏ ਅਤੇ ਬੇਖੌਫ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲਾਂ 'ਤੇ ਸਵਾਰ 5 ਲੁਟੇਰੇ ਜਿਨ੍ਹਾਂ ਦੇ ਹੱਥਾਂ ਵਿਚ ਰਿਵਾਲਵਰ, ਗੰਨ, ਦਾਹ ਆਦਿ ਮਾਰੂ ਹਥਿਆਰ ਸਨ, ਪਿੰਡ ਦੇਤਵਾਲ ਦੀ ਪੰਜਾਬ ਨੈਸ਼ਨਲ ਬੈਂਕ 'ਚ ਪੁੱਜੇ। 4 ਲੁਟੇਰੇ ਬੈਂਕ ਅੰਦਰ ਦਾਖਲ ਹੋ ਗਏ ਅਤੇ ਇੱਕ ਲੁਟੇਰਾ ਬਾਹਰ ਖੜਾ ਰਿਹਾ। ਕਰੀਬ 3.58 ਮਿੰਟ ਸ਼ਾਮੀ ਲੁਟੇਰਿਆਂ ਨੇ ਬੈਂਕ ਮੁਲਾਜਮਾਂ ਨੂੰ ਹੱਥ ਖੜੇ ਕਰਕੇ ਖੜਨ ਲਈ ਕਿਹਾ ਅਤੇ ਉਨ੍ਹਾਂ ਦੇ ਮੋਬਾਇਲ ਖੋਹ ਲਏ ਅਤੇ ਕੈਸ਼ ਕਾਊਂਟਰ 'ਤੇ ਜਾਕੇ ਕੈਸ਼ੀਅਰ ਕਮਲਪ੍ਰੀਤ ਸਿੰਘ ਕੋਲੋਂ 7,44,230 ਰੁਪਏ ਦੀ ਨਗਦੀ ਬੈਗ 'ਚ ਭਰਕੇ ਫਰਾਰ ਹੋ ਗਏ।
ਬੈਂਕ ਅਫਸਰ ਮੈਡਮ ਰਿਪਸ਼ੀ ਅਰੋੜਾ ਨੇ ਦੱਸਿਆ ਕਿ ਮੈਂ ਮੋਬਾਇਲ 'ਤੇ ਕਸਟਮਰ ਨਾਲ ਗੱਲ ਕਰ ਰਹੀ ਸੀ ਤਾਂ ਲੁਟੇਰਿਆਂ ਨੇ ਮੈਨੂੰ ਮੋਬਾਇਲ ਫੜਾਉਣ ਲਈ ਕਿਹਾ ਕਿ ਸਾਰੇ ਮੁਲਾਜਮ ਹੱਥ ਖੜੇ ਕਰਕੇ ਖੜੇ ਹੋ ਜਾਓ, ਨਹੀ ਤਾਂ ਤੁਹਾਨੂੰ ਗੋਲੀ ਮਾਰ ਦਿੱਤੀ ਜਾਵੇਗੀ। ਅਸੀਂ ਡਰਦਿਆਂ ਨੇ ਹੱਥ ਖੜੇ ਕਰ ਲਏ। ਲੁਟੇਰਿਆਂ ਨੇ ਸਾਡੇ 4 ਮੋਬਾਇਲ ਫੜ ਲਏ ਅਤੇ ਤਿੰਨ ਮੋਬਾਇਲ ਜਾਂਦੇ ਹੋਏ ਏ.ਟੀ.ਐੱਮ. ਵਿਚ ਸੁੱਟ ਗਏ ਅਤੇ ਇੱਕ ਮੋਬਾਇਲ ਨਾਲ ਲੈ ਗਏ। ਘਟਨਾ ਦੀ ਸੂਚਨਾਂ ਮਿਲਦਿਆਂ ਐੱਸ.ਪੀ. (ਡੀ) ਹਰਿੰਦਰਪਾਲ ਸਿੰਘ ਪਰਮਾਰ, ਡੀ.ਐੱਸ.ਪੀ. ਪਵਨਜੀਤ, ਸਬ-ਇੰਸਪੈਕਟਰ ਸੁਖਜਿੰਦਰ ਸਿੰਘ, ਸੀ.ਆਈ.ਏ. ਇੰਸਪੈਕਟਰ ਦਲਵੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਡਾਗ ਸੁਕਐੱਡ, ਫਿੰਗਰ ਪ੍ਰਿੰਟ ਮਾਹਰ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੜਤਾਲ ਕਰਕੇ ਜਲਦੀ ਲੁਟੇਰੇ ਕਾਬੂ ਕਰਨ ਦਾ ਦਾਅਵਾ ਕੀਤਾ ਕਿਉ ਕਿ ਲੁਟੇਰਿਆਂ ਦੀ ਹਰ ਕਰਤੂਤ ਕੈਮਰਿਆਂ ਵਿਚ ਕੈਦ ਹੋ ਗਈ ਹੈ।
ਇੱਥੇ ਦੱਸਣਯੋਗ ਹੈ ਕਿ ਬੈਂਕ ਮੈਨੇਜਰ ਮਨਿੰਦਰ ਸਿੰਘ ਅੱਜ ਛੁੱਟੀ 'ਤੇ ਸਨ ਅਤੇ ਬੈਂਕ ਵਿਚ ਕੋਈ ਸਕਿਓਰਿਟੀ ਗਾਰਡ ਤਾਇਨਾਤ ਨਹੀ ਹੈ।