ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਟਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, 20 ਅਗਸਤ ਤੱਕ ਫੇਰ ਰਿਮਾਂਡ 'ਤੇ
- ਸਾਲ ਪਹਿਲਾਂ ਹੋਏ ਸ਼ਰਾਬ ਕਾਰੋਬਾਰੀ ਸਤਨਾਮ ਸਿੰਘ ਕਤਲ ਕਾਂਡ ਵਿਚ ਫਤਿਹਗੜ੍ਹ ਚੂੜੀਆਂ ਪੁਲਿਸ ਨੂੰ ਮਿਲਿਆ 20 ਅਗਸਤ ਤੱਕ ਰਿਮਾਂਡ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ , 12 ਅਗਸਤ 2022 - ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ ਬਟਾਲਾ ਪੁਲਿਸ ਨੇ ਅੱਜ ਕੜੇ ਸੁਰੱਖਿਆ ਘੇਰੇ ਵਿਚ ਬਟਾਲਾ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਥੇ ਹੀ ਇਕ ਪੁਰਾਣੇ ਕਤਲ ਮਾਮਲੇ ਚ ਬਟਾਲਾ ਅਦਾਲਤ ਚ ਟਰਾਂਸਿਟ ਰਿਮਾਂਡ ਤੇ ਪੇਸ਼ ਕਰਨ ਤੇ ਮਾਨਯੋਗ ਅਦਾਲਤ ਵਲੋਂ ਪੁਲਿਸ ਜਿਲਾ ਬਟਾਲਾ ਦੇ ਥਾਣਾ ਫਤਹਿਗੜ੍ਹ ਚੂੜੀਆਂ ਦੀ ਪੁਲਿਸ ਨੂੰ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ 20 ਅਗਸਤ ਤਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ |
ਉੱਥੇ ਹੀ ਜਿਕਰਯੋਗ ਹੈ ਕਿ ਬਟਾਲਾ ਦੇ ਪੁਲਿਸ ਥਾਣਾ ਫਤਿਹਗਡ਼੍ਹ ਚੂਡ਼ੀਆਂ ਚ ਕਰੀਬ ਇਕ ਸਾਲ ਪਹਿਲਾ 30 ਜੁਲਾਈ 2021 ਨੂੰ ਮੋਟਰਸਾਈਕਲ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਵਲੋਂ ਫਤਹਿਗੜ੍ਹ ਚੂੜੀਆਂ ਦੇ ਰਹਿਣ ਵਾਲੇ ਸ਼ਰਾਬ ਦੇ ਠੇਕੇਦਾਰ ਸਤਨਾਮ ਸਿੰਘ ਸੱਤੂ ਨੂੰ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿਤੀ ਸੀ | ਇਹ ਵਾਰਦਾਤ ਕਸਬਾ ਫਤਹਿਗੜ੍ਹ ਚੂੜੀਆਂ ਚ ਹੋਈ ਸੀ ਜਦ ਸਤਨਾਮ ਸਿੰਘ ਸੱਤੂ ਆਪਣੀ ਗੱਡੀ ਵਿਚ ਬੈਠ ਰਿਹਾ ਸੀ ਤਾਂ ਉਸੇ ਦੌਰਾਨ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਸਦੇ ਉੱਪਰ ਫਾਇਰਿੰਗ ਕਰ ਦਿੱਤੀ। ਹਮਲੇ ਵਿੱਚ ਉਸਦੇ ਸਿਰ ਤੇ ਗੋਲੀਆਂ ਲੱਗੀਆਂ ਸੀ, ਜਿਸ ਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ |
ਦੱਸ ਦਈਏ ਕਿ ਇਹ ਓਹੀ ਸਤਨਾਮ ਸਿੰਘ ਸੱਤੂ ਸੀ ਜੋ ਚਰਚਿਤ ਰਹੇ ਕਾਂਗਰਸੀ ਆਗੂ ਅਵਤਾਰ ਸਿੰਘ ਸੰਧੂ ਗੁਰਦੁਆਰਾ ਉਰਫ ਗੋਲਡੀ ਸੰਧੂ ਤੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਅਤੇ ਉਮਰ ਕੈਦ ਦੀ ਸਜ਼ਾ ਕੱਟ ਕੇ ਆਇਆ ਸੀ। ਸਜ਼ਾ ਕੱਟਣ ਤੋਂ ਬਾਅਦ ਉਹ ਬਾਹਰ ਆ ਕੇ ਇੱਕ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ ਅਤੇ ਪ੍ਰਾਪਰਟੀ ਡੀਲਿੰਗ ਅਤੇ ਸ਼ਰਾਬ ਦੇ ਧੰਦੇ ਨਾਲ ਜੁੜਿਆ ਸੀ ਅਤੇ ਫਤਿਹਗੜ੍ਹ ਚੂੜੀਆਂ ਵਿੱਚ ਰਹਿ ਰਿਹਾ ਸੀ ਜਿਸ ਦੀ ਪਿਛਲੇ ਸਾਲ ਹੱਤਿਆ ਕੀਤੀ ਗਈ ਸੀ। ਪੁਲਿਸ ਵੱਲੋਂ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦਾ ਇਸ ਕਤਲ ਕਾਂਡ ਵਿਚ ਕੀ ਰੋਲ ਹੋ ਸਕਦਾ ਹੈ।