ਪਟਿਆਲੇ ਕੌਮੀ ਲੋਕ ਅਦਾਲਤ 13 ਅਗਸਤ ਨੂੰ, ਆਉ ਆਪਸੀ ਸਹਿਮਤੀ ਨਾਲ ਕੇਸ ਨਿਪਟਾਈਏ
ਜੀ ਐਸ ਪੰਨੂ
ਪਟਿਆਲਾ, 12 ਅਗਸਤ,2022 - ਪਟਿਆਲਾ ਦੇ ਜ਼ਿਲ੍ਹਾਂ ਅਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਦੱਸਿਆਂ ਕਿ 13 ਅਗਸਤ2022 ਨੂੰ ਜ਼ਿਲ੍ਹੇ 'ਚ ਕੌਮੀ ਲੋਕ ਅਦਾਲਤ ਲਗਾਈ ਜਾਂ ਰਹੀ ਹੈ, ਜਿਸ ਲਈ ਪਟਿਆਲਾ, ਰਾਜਪੁਰਾ, ਸਮਾਣਾ ਅਤੇ ਨਾਭਾ 'ਚ ਬੈਂਚਾਂ ਦੇ ਗਠਨ ਕੀਤੇ ਗਏ ਹਨ। ਇਸ ਤੋਂ ਇਲਾਵਾਂ ਪੁਲਿਸ ਸਟੇਸ਼ਨ ਵੁਮੈਨ ਸੈਲ ਪਟਿਆਲਾ, ਰਾਜਪੁਰਾ, ਸਮਾਣਾ ਅਤੇ ਨਾਭਾ ਵਿਖੇ ਵੀ ਵਿਆਹ ਸਬੰਧੀ ਸ਼ਿਕਾਇਤਾਂ ਲਈ ਚਾਰ ਬੈਂਚਾਂ ਦਾ ਗਠਨ ਕੀਤਾ ਗਿਆ ਹੈ, ਜਿਥੇ ਐਫ.ਆਈ.ਆਰ. ਦਰਜ਼ ਹੋਣ ਤੋਂ ਪਹਿਲਾਂ ਹੀ ਕੇਸ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆਂ ਕਿ ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ ਲਈ ਵੀ ਮਾਲ ਅਧਿਕਾਰੀ ਇਸੇ ਦਿਨ ਆਪਣੇ ਦਫ਼ਤਰ ਵਿਖੇ ਬੈਂਚ ਲਗਾਉਣਗੇ।
ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਦੱਸਿਆਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਜਸਟਿਸ ਤੇਜਿੰਦਰ ਸਿੰਘ ਢੀਡਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ 13 ਅਗਸਤ ਨੂੰ ਸੈਸ਼ਨ ਡਿਵੀਜ਼ਨ, ਪਟਿਆਲਾ ਵਿਖੇ ਲਗਾਈ ਜਾਂ ਰਹੀ ਕੌਮੀ ਲੋਕ ਅਦਾਲਤ 'ਚ ਗ਼ੈਰ ਰਾਜ਼ੀਨਾਮਾ ਯੋਗ ਤੇ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਸਮਝੌਤੇ ਯੋਗ ਫ਼ੌਜਦਾਰੀ ਦੇ ਯੋਗ ਕੇਸ, ਰੱਖ-ਰਖਾਵ ਦੇ ਮਾਮਲੇ, ਚੈਂਕ ਬਾਊਂਸ ਕੇਸ, ਬੈਂਕ ਰਿਕਵਰੀ, ਮੋਟਰ ਵਹੀਕਲ ਐਕਟ, ਪਰਿਵਾਰਿਕ ਝਗੜਿਆਂ ਨਾਲ ਸੰਬੰਧਤ ਕੇਸ, ਤਲਾਕ ਨੂੰ ਛੱਡ ਕੇ ਵਿਆਹ ਸੰਬੰਧੀ ਝਗੜੇ, ਭੂਮੀ ਗ੍ਰਹਿਣ ਦੇ ਕੇਸ, ਕਿਰਾਏ, ਅਸਾਮੀ ਅਧਿਕਾਰ, ਰੈਵੀਨਿਊ ਨਾਲ ਸੰਬੰਧਤ ਮਾਮਲੇ, ਟਰੈਫਿਕ ਚਲਾਨ ਅਤੇ ਹੋਰ ਦੀਵਾਨੀ ਮਾਮਲਿਆਂ ਨਾਲ ਸੰਬੰਧਤ ਕੇਸ ਲਏ ਜਾਣਗੇ। ਕੌਮੀ ਲੋਕ ਅਦਾਲਤ ਲਈ ਪਟਿਆਲਾ, ਰਾਜਪੁਰਾ, ਸਮਾਣਾ ਅਤੇ ਨਾਭਾ ਵਿਖੇ ਜੁਡੀਸ਼ੀਅਲ ਬੈਂਚ ਗਠਿਤ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਜ਼ੀਨਾਮਾ ਯੋਗ ਮਾਮਲੇ ਲੋਕ ਅਦਾਲਤ ਰਾਹੀਂ ਨਿਪਟਾਉਣ ਤਾਂ ਕਿ ਉਨ੍ਹਾਂ ਦਾ ਸਮਾਂ ਤੇ ਪੈਸਾ ਬਚ ਸਕੇ।