ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟਮ
ਜੀ ਐਸ ਪੰਨੂ
ਪਟਿਆਲਾ ,12ਅਗਸਤ,2022: ਪਟਿਆਲਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪ੍ਰਸਾਸਨ ਨੂੰ ਪਹਿਲਾਂ ਦਿੱਤੇ ਅਲਟੀਮੇਟਮ ਅਨੁਸਾਰ ਪਿੰਡ ਪਹਾੜਪੁਰ ਦੀ ਪੰਚਾਇਤੀ ਜ਼ਮੀਨ ਦੇ ਸਬੰਧ 'ਚ ਜੋ ਕੇ ਪਿੰਡ ਪਹਾੜਪੁਰ ਦੀ ਮੌਜੂਦਾ ਸਰਪੰਚ ਕੁਲਦੀਪ ਕੌਰ ਦੇ ਪਤੀ ਧਰਮ ਸਿੰਘ ਵੱਲੋਂ ਪਿੰਡ ਦੇ ਹੀ ਅਜੀਤ ਸਿੰਘ, ਜਗਦੀਪ ਸਿੰਘ ਅਤੇ ਮੱਖਣ ਸਿੰਘ ਨੂੰ ਪਿਛਲੇ 6 ਸਾਲਾਂ ਤੋਂ ਲਗਾਤਾਰ ਨਹੀਂ ਸੀ ਦਿੱਤੀ ਜਾ ਰਹੀ, ਕਿਉਂਕਿ ਸਰਪੰਚ ਕਾਂਗਰਸੀ ਹੈ ਅਤੇ ਇਸ ਪ੍ਰੀਵਾਰ ਦਾ ਸਬੰਧ ਅਕਾਲੀ ਦਲ ਨਾਲ ਹੈ, ਭਾਂਵੇ ਕਿ ਇਹ ਪ੍ਰੀਵਾਰ ਸਭ ਤੋਂ ਵੱਧ ਬੋਲੀ ਦੇਣ ਲਈ ਵੀ ਮਜਬੂਰ ਸੀ, ਦੇ ਸਬੰਧ ਵਿੱਚ ਡੀਡੀਪੀਓ ਪਟਿਆਲਾ ਨੂੰ ਵਾਰ ਵਾਰ ਦਰਖਾਸਤ ਦਿੱਤੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣ ਤੇ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਡੀ.ਸੀ ਦਫ਼ਤਰ ਦੇ ਸਾਹਮਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸਮੁੱਚੇ ਇਲਾਕੇ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦਾ ਰੂਪ ਦੇਖ ਕੇ ਅਤੇ ਪ੍ਰਸਾਸ਼ਨ ਦੀ ਜਿਦ ਕਰਕੇ ਡਾਕਟਰ ਦਰਸ਼ਨ ਪਾਲ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦੇ ਐਲਾਨ ਕਰਨ ਤੋਂ ਬਾਅਦ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਸਾਸ਼ਨ ਨੇ ਯੁਨੀਅਨ ਦੀ ਲੀਡਰ ਸਿੱਪ ਨਾਲ ਗੱਲਬਾਤ ਕਰਨ ਤੋਂ ਬਾਦ ਇਹ ਭਰੋਸਾ ਦਿੱਤਾ ਹੈ ਕਿ ਕੱਲ੍ਹ 13 ਅਗਸਤ ਨੁੰ ਪੰਚਾਇਤ ਵਿਕਾਸ ਦਫਤਰ ਪਟਿਆਲਾ ਵਿਖੇ ਮੁੜ ਬੋਲੀ ਕਰਵਾ ਕੇ ਸਬੰਧਿਤ ਧਿਰ ਅਜੀਤ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਜਮੀਨ ਅਲਾਟ ਕਰ ਦਿੱਤੀ ਜਾਵੇਗੀ। ਇਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਪ੍ਰਸ਼ਾਸਨ ਨੂੰ ਅਗਾਹ ਕਰਦਿਆਂ ਕਿਹਾ ਜੇ ਕੱਲ੍ਹ ਨੂੰ ਅਜੀਤ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਜ਼ਮੀਨ ਅਲਾਟ ਨਹੀਂ ਕੀਤੀ ਗਈ ਤਾਂ 15 ਅਗਸਤ ਨੂੰ ਵੱਡੇ ਇਕੱਠ ਦੇ ਰੂਪ ਵਿੱਚ ਪਟਿਆਲਾ ਮਿੰਨੀ ਸਕੱਤਰੇਤ ਦੇ ਸਾਹਮਣੇ ਵੱਡਾ ਇਕੱਠ ਕਰਕੇ, ਝੰਡਾ ਚੜ੍ਹਾਉਣ ਦੀ ਰਸਮ ਤੱਕ ਰੋਸ ਮੁਜਾਹਰਾ ਲਿਜਾ ਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਅੱਜ ਇਸ ਇਕੱਠ ਨੂੰ ਦਰਸ਼ਨ ਪਾਲ ਤੋਂ ਇਲਾਵਾਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ,ਪਟਿਆਲਾ ਬਲਾਕ ਦੇ ਪ੍ਰਧਾਨ ਅਵਤਾਰ ਸਿੰਘ ਕੋਰਜੀਵਾਲਾ, ਸਨੌਰ ਪ੍ਰਧਾਨ ਸੁਖਵਿੰਦਰ ਤੁੱਲੇਵਾਲ, ਭਾਦਸੋਂ ਬਲਾਕ ਦੇ ਪ੍ਰਧਾਨ ਗੁਰਜੰਟ ਸਿੰਘ ਸਿੰਬੜੋ, ਪਾਤੜਾਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸਾਹਿਬ ਸਿੰਘ ਦੁਤਾਲ, ਸਮਾਣਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਖੇੜੀ ਫੱਤਣ, ਜਮਹੂਰੀ ਅਧਿਕਾਰ ਸਭਾ ਦੇ ਆਗੂ ਅਤੇ ਬੁੱਧੀਜੀਵੀ ਪ੍ਰੋਫੈਸਰ ਬਾਵਾ ਸਿੰਘ, ਫਤਿਹਗੜ੍ਹ ਸਾਹਿਬ ਜਿਲ੍ਹੇ ਤੋਂ ਬੀਬੀ ਕੁਲਜੀਤ ਕੌਰ ਅਤੇ ਹੋਰ ਕਈ ਕਿਸਾਨ ਆਗੂਆਂ ਵੱਲੋਂ ਸੰਬੋਧਿਤ ਕੀਤਾ ਗਿਆ।