ਲੋਕਾਂ ਦੇ ਸਹਿਯੋਗੀ ਬਣਨ ਦਾ ਸੁਨੇਹਾ ਦੇਣ ਲਈ ਪੁਲਿਸ ਨੇ ਫਲੈਗ ਮਾਰਚ ਕੀਤਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 13 ਅਗਸਤ 2022
ਐਸਐਸਪੀ ਦੀਪਕ ਹਿਲੋਰੀ ਦੀ ਅਗਵਾਈ ਵਿੱਚ ਸ਼ਹਿਰ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਤੇ ਸ਼ਹਿਰ ਵਾਸੀਆਂ ਤੱਕ ਪੁਲਿਸ ਦਾ ਸਹਿਯੋਗ ਕਰਨ ਦਾ ਸੰਦੇਸ਼ ਪਹੁੰਚਾਉਣ ਲਈ 15 ਅਗਸਤ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਫਲੈਗ ਮਾਰਚ ਕੀਤਾ ਗਿਆ। ਜਿਸ ਵਿਚ ਜ਼ਿਲ੍ਹੇ ਦੇ ਲਗਭਗ ਸਾਰੇ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ। ਫਲੈਗ ਮਾਰਚ ਪੁਲੀਸ ਲਾਈਨ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਕਾਹਨੂੰਵਾਨ ਚੌਕ ਸਮਾਪਤ ਹੋਇਆ।
ਦੱਸ ਦਈਏ ਕਿ 15 ਅਗਸਤ 75 ਵੇਂ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵੱਲੋਂ ਮਿਲੀ ਇਨਪੂਟਸ ਅਤੇ ਪਿਛਲੇ ਦਿਨਾਂ ਵਿੱਚ ਹਥਿਆਰਾਂ ਅਤੇ ਆਰ ਡੀ ਐਕਸ ਸਮੇਤ ਫੜੇ ਗਏ ਅੱਤਵਾਦੀਆਂ ਤੋਂ ਕੀਤੀ ਗਈ ਪੁੱਛਗਿੱਛ ਦੇ ਅਧਾਰ ਤੇ ਪੁਲਿਸ ਪੂਰੀ ਤਰਾ ਚੌਕਸੀ ਵਰਤ ਰਹੀ ਹੈ।ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਉਹ ਕਿਸੇ ਕਿਸਮ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ। ਜ਼ਿਲ੍ਹਾ ਪੁਲੀਸ ਵੱਲੋਂ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।
ਐਸਐਸਪੀ ਦੀਪਕ ਹਿਲੋਰੀ ਨੇ ਦੱਸਿਆ ਕਿ 15 ਅਗਸਤ ਨੂੰ ਲੈ ਕੇ ਪੁਲੀਸ ਪੂਰੀ ਤਰ੍ਹਾਂ ਸਤਰਕ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹਨਾਂ ਨੂੰ ਕਿਤੇ ਕੋਈ ਲਾਵਾਰਿਸ ਵਸਤੂ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਣ। ਲਾਵਾਰਿਸ ਚੀਜ਼ਾਂ ਨੂੰ ਹੱਥ ਨਾ ਲਗਾਓਣ। ਇਸ ਬਾਰੇ ਤੁਰੰਤ ਪੁਲਿਸ ਨੂੰ ਦੱਸੋ ਤਾਂ ਜੋ ਪੁਲਿਸ ਉਨ੍ਹਾਂ ਦੀ ਜਾਂਚ ਕਰ ਸਕੇ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸਪੀ ਨਵਜੋਤ ਸਿੰਘ, ਐਸ ਪੀ ਕਾਹਲੋਂ,ਡੀਐਸਪੀ ਰਿਪੁਤਪਨ,ਐਸ ਐਚ ਉ ਸਿਟੀ ਗੁਰਮੀਤ ਸਿੰਘ ਦੇ ਨਾਲ ਵੱਡੀ ਗਿਣਤੀ ਵਿਚ ਲੇਡੀ ਪੁਲਿਸ ਅਫਸਰ ਵੀ ਸਿੰਘ ਵੀ ਮੌਜੂਦ ਸਨ।