ਐੱਸ.ਡੀ.ਐੱਮ. ਬਟਾਲਾ ਸ਼ਾਇਰੀ ਭੰਡਾਰੀ ਅਜ਼ਾਦੀ ਦਿਹਾੜੇ ਮੌਕੇ ਲਹਿਰਾਉਣਗੇ ਕੌਮੀ ਝੰਡਾ
ਅੱਜ ਰਾਜੀਵ ਗਾਂਧੀ ਸਟੇਡੀਅਮ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 13 ਅਗਸਤ 2022
15 ਅਗਸਤ ਨੂੰ ਪੂਰੇ ਦੇਸ਼ ਦੇ ਨਾਲ ਬਟਾਲਾ ਸ਼ਹਿਰ ਵਿੱਚ ਵੀ ਅਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਤਹਿਸੀਲ ਪੱਧਰੀ ਅਜ਼ਾਦੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨਿਭਾਉਣਗੇ।
ਅਜ਼ਾਦੀ ਦਿਹਾੜੇ ਸਬੰਧੀ ਅੱਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਕੀਤੀ ਗਈ, ਜਿਸਦਾ ਨਿਰੀਖਣ ਨਾਇਬ ਤਹਿਸੀਲਦਾਰ ਬਟਾਲਾ ਸ. ਲਖਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਉਨਾਂ ਨਾਲ ਡੀ.ਐੱਸ.ਪੀ. ਪਰਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਫੁੱਲ ਡਰੈਸ ਰਿਹਰਸਲ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡਜ਼, ਐੱਨ.ਸੀ.ਸੀ. ਕੈਡਿਟਸ ਅਤੇ ਸਕੂਲੀ ਬੈਂਡ ਦੀਆਂ ਟੀਮਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਬਦ ਗਾਇਨ, ਦੇਸ਼ ਭਗਤੀ ਦੇ ਗੀਤ, ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਵੀ ਕੀਤੀ ਗਈ।
ਫੁੱਲ-ਡਰੈਸ ਰਿਹਰਸਲ ਤੋਂ ਬਾਅਦ ਤਹਿਸੀਲਦਾਰ ਲਖਵਿੰਦਰ ਸਿੰਘ ਨੇ 15 ਅਗਸਤ ਨੂੰ ਮਨਾਏ ਜਾਣ ਵਾਲੇ ਅਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਕਿਹਾ ਕਿ ਹਰ ਵਿਭਾਗ ਆਪਣੀ ਤਿਆਰੀ ਕੱਲ ਤੱਕ ਪੂਰੀ ਕਰ ਲਵੇ। ਉਨ੍ਹਾਂ ਕਿਹਾ ਕਿ ਅਜ਼ਾਦੀ ਦਿਹਾੜਾ ਸਾਡਾ ਕੌਮੀ ਤਿਓਹਾਰ ਹੈ ਅਤੇ ਇਸ ਨੂੰ ਪੂਰੀ ਬਟਾਲਾ ਤਹਿਸੀਲ ਵਿੱਚ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਵੇਗਾ। ਇਸ ਮੌਕੇ ਡੀ.ਪੀ.ਆਰ.ਓ. ਇੰਦਰਜੀਤ ਸਿੰਘ, ਪ੍ਰੋ. ਜਸਬੀਰ ਸਿੰਘ, ਬਾਊ ਸ਼ਾਮ ਸੁੰਦਰ, ਸ਼ਸ਼ੀ ਭੂਸ਼ਨ ਵਰਮਾ ਸਮੇਤ ਪੁਲਿਸ ਤੇ ਸਿਵਲ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।