ਵਿਸ਼ਵ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਬਾਇਓਫਿਊਲ ਦੀ ਵਰਤੋਂ ਵਧਾਉਣਾ ਜ਼ਰੂਰੀ: ਚੌਧਰੀ
ਵਿਸ਼ਵ ਬਾਇਓ ਫਿਊਲ ਦਿਵਸ ਮੌਕੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ, 13 ਅਗਸਤ 2022-: ਆਇਲ ਇੰਡਸਟਰੀ ਦੇ ਸਟੇਟ ਲੇਵਲ ਕੁਆਰਡੀਨੇਟਰ ਸੁਬੋਧ ਚੌਧਰੀ ਨੇ ਕਿਹਾ ਕਿ ਵਿਸ਼ਵ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਬਾਇਓ ਫਿਊਲ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ।ਅੱਜ ਵਿਸ਼ਵ ਬਾਇਓ ਫਿਊਲ ਦਿਵਸ ਦੇ ਸਬੰਧ ਵਿੱਚ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਨੂੰ ਸੰਬੋਧਿਤ ਕਰਦਿਆਂ ਚੌਧਰੀ ਨੇ ਕਿਹਾ ਕਿ ਪ੍ਰਦੂਸ਼ਨ ਇਸ ਸਮੇਂ ਵਿਸ਼ਵ ਵਿਆਪਕ ਸਮੱਸਿਆ ਬਣ ਚੁੱਕੀ ਹੈ, ਜਿਸ ਦਾ ਮਨੁੱਖੀ ਜੀਵਨ ਤੇ ਘਾਤਕ ਅਸਰ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈੈ ਕਿ ਜਿੰਦਗੀ ਦੀ ਤੇਜ਼-ਤਰਾਰ ਰਫ਼ਤਾਰ ਕਾਰਨ ਸਾਨੂੰ ਆਧੁਨਿਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਪਰ ਫਿਰ ਵੀ ਸਾਨੂੰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਘੱਟ ਪ੍ਰਦੂਸ਼ਨ ਫੈਲਾਉਣ ਵਾਲੇ ਈਧਨ ਦੀ ਵਰਤੋਂ ਨੂੰ ਅਪਨਾਉਣ ਨੂੰ ਪਹਿਲ ਦੇਣੀ ਪਵੇਗੀ।
ਉਨ੍ਹਾਂ ਕਿਹਾ ਕਿ ਦੇਸ਼ ਲਈ ਇੱਕ ਵੱਡੀ ਪਹਿਲ ਕਰਦਿਆਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਾਣੀਪਤ ਵਿਖੇ 2 ਜੀ ਈਥਾਨੌਲ ਪਲਾਂਟ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਦੇਸ਼ ਵਾਸੀਆਂ ਨੂੰ ਘੱਟ ਪ੍ਰਦੂਸ਼ਨ ਰਹਿਤ ਈਧਨ ਮਿਲਣ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਸਮੂਹ ਪੈਟਰੋਲੀਅਮ ਅਤੇ ਗੈਸ ਕੰਪਨੀਆਂ ਨੂੰ ਭਰਪੂਰ ਸਹਿਯੋਗ ਦੇਣਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਚੰਡੀਗੜ੍ਹ ਵਿੱਚ ਆਈ.ਓ.ਸੀ. ਐਲ, ਬੀਪੀਸੀਐਲ ਅਤੇ ਐਚਪੀਸੀਐਲ ਦੇ ਪੈਟਰੌਲ ਪੰਪਾਂ ਅਤੇ ਗੈਸ ਏਜੰਸੀਆਂ ਤੇ ਪ੍ਰਚਾਰ ਪੋਸਟਰ ਲਗਾਏ ਗਏ ਹਨ, ਤਾਂ ਜੋ ਲੋਕ ਪ੍ਰਦੂਸ਼ਨ ਤੋਂ ਬਚਣ ਦੇ ਸਾਧਨਾਂ ਨੂੰ ਅਪਨਾਉਣ ਲਈ ਪ੍ਰੇਰਿਤ ਹੋਣ।