ਤਿਆਰੀਆਂ ਮੁਕੰਮਲ: ਖੁੱਲ੍ਹੇਗਾ ਪ੍ਰਵਾਸੀਆਂ ਦਾ ਵੀ ਕਲੀਨਿਕ, ਆਮ ਆਦਮੀ ਕਲੀਨਿਕ ਪਿੰਡ ਬਸਿਆਲਾ ਦਾ ਉਦਘਾਟਨ ਜੌੜਾਮਾਜਰਾ 15 ਅਗਸਤ ਨੂੰ ਕਰਨਗੇ
- ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਹੋਣਗੇ ਵਿਸ਼ੇਸ਼ ਮਹਿਮਾਨ
- ਪਿੰਡ ਦੇ ਵਿਚ ਬਣਿਆ ਵਿਆਹ ਵਰਗਾ ਮਾਹੌਲ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 14 ਅਗਸਤ 2022 - ਪੰਜਾਬ ਸਰਕਾਰ ਵੱਲੋਂ ਕੱਲ੍ਹ ਆਜ਼ਾਦੀ ਦਿਵਸ ਦੇ 75ਵੇਂ ਮਹਾਂਉਤਸਵਾਂ ਦੀ ਸੰਪੂਰਨਤਾ ਉਤੇ ਪੰਜਾਬ ਦੇ ਵਿਚ 75 ਤੋਂ ਵੱਧ ‘ਆਮ ਆਦਮੀ ਕਲੀਨਿਕ’ ਖੋਲ੍ਹੇ ਜਾ ਰਹੇ ਹਨ। ਇਹ ਕਲੀਨਿਕ ਜਿੱਥੇ ਪਹਿਲਾਂ ਤੋਂ ਮੌਜੂਦ ਸੇਵਾ ਕੇਂਦਰਾਂ ਦੇ ਵਿਚ ਖੋਲ੍ਹੇ ਜਾ ਰਹੇ ਹਨ ਉਥੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਬਸਿਆਲਾ ਵਿਖੇ ਵੀ ਪ੍ਰਵਾਸੀਆਂ (ਸਵ. ਕਰਤਾਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਸਪੁੱਤਰ ਸ. ਬਹਾਦਰ ਸਿੰਘ ਅਤੇ ਬਾਕੀ ਭੈਣ ਭਰਾਵਾਂ) ਦੀ ਮਦਦ ਨਾਲ ਉਸਾਰੀ ਗਈ ਨਵੀਂ ਆਧੁਨਿਕ ਇਮਾਰਤ ਦੇ ਵਿਚ ‘ਆਮ ਆਦਮੀ ਕਲੀਨਿਕ’ ਕੱਲ੍ਹ 15 ਅਗਸਤ ਦਿਨ ਸੋਮਵਾਰ ਨੂੰ ਖੋਲ੍ਹਿਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਸਿਹਤ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਹੋਰਾਂ ਨੇ ਖੁਦ ਸ਼ਾਮ 3 ਵਜੇ ਕਰਨ ਆਉਣਾ ਹੈ।
ਇਸ ਉਦਘਾਟਨੀ ਸਮਾਰੋਹ ਦੇ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਉਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਗੜ੍ਹਸ਼ੰਕਰ ਸ. ਜੈ ਕਿ੍ਰਸ਼ਨ ਸਿੰਘ ਰੌੜੀ ਵੀ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਸਖਸ਼ੀਅਤਾਂ ਨੇ ਕ੍ਰਮਵਾਰ ਬਰਨਾਲਾ ਅਤੇ ਅੰਮ੍ਰਿਤਸਰ ਵਿਖੇ ਆਜਾਦੀ ਦਿਵਸ ਸਬੰਧੀ ਜਸ਼ਨਾਂ ਦੇ ਵਿਚ ਸ਼ਾਮਿਲ ਹੋਣਾ ਹੈ। ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਹਸਪਤਾਲ ਦੀ ਬਹੁਤ ਖੁਸ਼ੀ ਹੈ ਤੇ ਇਸ ਪਿੰਡ ਦੇ ਵਿਚ ਵਿਆਹ ਵਰਗਾ ਮਾਹੌਲ 13 ਅਗਸਤ ਤੋਂ ਹੀ ਇਕ ਧਾਰਮਿਕ ਸਮਾਗਮ ਬਾਅਦ ਬਣਿਆ ਹੋਇਆ ਹੈ।
ਨਗਰ ਦੇ ਵਿਕਾਸ ਲਈ ਕੰਮ ਕਰ ਰਹੀ ਨਗਰ ਪੰਚਾਇਤ, ਨਗਰ ਦੇ ਲੋਕ ਅਤੇ ‘ਬਸਿਆਲਾ ਐਨ. ਆਰ. ਵੈਲਫੇਅਰ ਸੁਸਾਇਟੀ’ ਦੇ ਵਿਦੇਸ਼ੀਂ ਵਸਦੇ ਸਾਰੇ ਮੈਂਬਰ ਅਤੇ ਇਸ ਕਾਰਜ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਆਏ ਹੋਏ ਸ. ਹਰਜਿੰਦਰ ਸਿੰਘ ਬਸਿਆਲਾ ਨਿਊਜ਼ੀਲੈਂਡ ਵੀ ਬੜੀ ਉਤਸੁਕਤਾ ਦੇ ਨਾਲ ਪਿੰਡ ਦੇ ਵਿਚ ਸ਼ੁਰੂ ਹੋਣ ਜਾ ਰਹੀ ਸਿਹਤ ਸਹੂਲਤ ਲਈ ਖੁਸ਼ੀ ਮਹਿਸੂਸ ਕਰ ਰਹੇ ਹਨ। ਸਿਹਤ ਵਿਭਾਗ ਵੱਲੋਂ ਲੌੜੀਂਦਾ ਸਟਾਫ, ਜਰੂਰੀ ਤਕਨੀਕੀ ਯੰਤਰ, ਫਰਨੀਚਰ, ਦਵਾਈਆਂ ਅਤੇ ਲੈਬ ਟੈਸਟ ਦਾ ਸਾਰਾ ਸਾਮਾਨ ਪਹੁੰਚ ਗਿਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਚ 5 ਅਜਿਹੇ ਕਲੀਨਿਕ ਸ਼ਹਿਰਾਂ ਦੇ ਵਿਚ ਹਨ ਅਤੇ ਤਿੰਨ ਪਿੰਡਾਂ ਦੇ ਵਿਚ ਹਨ।
ਜ਼ਿਲ੍ਹੇ ਦਾ ਇਹ ਪਹਿਲਾ ਆਮ ਆਦਮੀ ਕਲੀਨਿਕ ਹੋਵੇਗਾ ਜੋ ਅਮਰੀਕਾ ਰਹਿੰਦੇ ਪ੍ਰਵਾਸੀ ਪਰਿਵਾਰ ਨੇ ਆਪਣੇ ਲੱਖਾਂ ਰੁਪਏ ਖਰਚ ਕੇ ਹਸਪਤਾਲ ਮਾਡਲ ਦੀ ਤਰਜ਼ ਉਤੇ ਬਣਾਈ ਇਮਾਰਤ ਦੇ ਵਿਚ ਸਥਾਪਿਤ ਕਰਵਾਇਆ ਹੈ। ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਪਿੰਡਾਂ ਦੇ ਵਿਚ ਸਿਹਤ ਸਹੂਲਤਾਂ ਸਬੰਧੀ ਇਕ ਨਵਾਂ ਅਧਿਆਏ ਸ਼ੁਰੂ ਹੋਣ ਦੀ ਆਸ ਹੈ।