ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ
- ਆਜ਼ਾਦੀ ਸੰਗਰਾਮ ਦੇ ਨਾਇਕਾਂ ਨੂੰ ਸ਼ਰਧਾਂਜਲੀਆਂ ਭੇਟ
- 'ਭਾਸ਼ਾ ਸਿੱਖੋ' ਪਹਿਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਤੋਂ ਤੇਲਗੂ ਭਾਸ਼ਾ ਸਿੱਖਣ ਲਈ ਤਿਆਰ ਕਿਤਾਬਚਾ ਕੀਤਾ ਜਾਰੀ
ਜਲੰਧਰ, 14 ਅਗਸਤ 2022 - ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਐਤਵਾਰ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਹੋਰ ਸ਼ਖਸੀਅਤਾਂ ਦੇ ਨਾਲ ਯਾਦਗਾਰ ਵਿੱਚ ਬਣੇ ਮੀਨਾਰ ਵਿਖੇ ਮਹਾਨ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਉਪਰੰਤ ਸਮੂਹ ਗੈਲਰੀਆਂ ਦਾ ਦੌਰਾ ਕੀਤਾ, ਜਿਥੇ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਉਨ੍ਹਾਂ ਸੁਤੰਤਰਤਾ ਸੰਗਰਾਮ ਨੂੰ ਦਰਸਾਉਂਦੀਆਂ ਤਸਵੀਰਾਂ ਦੇਖਣ ਦੇ ਨਾਲ-ਨਾਲ ਉਥੇ ਸਕਰੀਨਾਂ 'ਤੇ ਪ੍ਰਦਰਸ਼ਿਤ ਅਤੇ ਲਿਖਿਤ ਵਿਸਥਾਰਿਤ ਜਾਣਕਾਰੀ ਨੂੰ ਗਹੁ ਨਾਲ ਵੇਖਿਆ। ਉਪਰੰਤ ਅੰਡੇਮਾਨ ਸੈਲੂਲਰ ਜੇਲ ਅਤੇ ਜਲਿਆਂਵਾਲਾ ਬਾਗ਼ ਦੇ ਸਾਕੇ ਬਾਰੇ ਵੀਡੀਓ, ਲਾਈਟ ਸ਼ੋਅ ਰਾਹੀਂ ਦਰਸਾਈ ਵਿਸਥਾਰਿਤ ਜਾਣਕਾਰੀ ਨੂੰ ਵਾਚਣ ਤੋਂ ਇਲਾਵਾ ਆਜ਼ਾਦੀ ਸੰਗਰਾਮ ’ਤੇ ਆਧਾਰਿਤ ਲਘੂ ਫਿਲਮ ਵੀ ਵੇਖੀ।
ਮੰਤਰੀ ਨੇ ਕਿਹਾ ਕਿ ਉਹ ਯਾਦਗਾਰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ, ਜੋ ਕਿ ਸਾਡੇ ਪੁਰਾਤਨ ਇਤਿਹਾਸ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਯਾਦਗਾਰ ਆਜ਼ਾਦੀ ਸੰਗਰਾਮ ਦੇ ਨਾਲ ਜੁੜੀ ਬਹਾਦਰੀ ਅਤੇ ਦੇਸ਼ਭਗਤੀ ਦੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਵਿਚ ਹਮੇਸ਼ਾ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਦਾ ਸੰਚਾਰ ਕਰਦੀ ਰਹੇਗੀ।
ਇਸ ਦੌਰਾਨ ਸਥਾਨਕ ਸਰਕਾਰ ਮੰਤਰੀ ਨੇ ‘ਭਾਸ਼ਾ ਸਿੱਖੋ’ ਪਹਿਲ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਤੋਂ ਤੇਲਗੂ ਭਾਸ਼ਾ ਸਿੱਖਣ ਲਈ ਉਪਰਾਲੇ ਤਹਿਤ ਤਿਆਰ ਕਿਤਾਬਚਾ ਵੀ ਜਾਰੀ ਕੀਤਾ, ਜਿਸ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਅਨੁਵਾਦ ਦੇ ਨਾਲ ਤੇਲਗੂ ਭਾਸ਼ਾ ਦੇ ਮੁੱਢਲੇ ਸ਼ਬਦਾਂ ਤੇ ਛੋਟੇ ਵਾਕਾਂ ਨੂੰ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਸਮਰਪਿਤ ‘ਭਾਸ਼ਾ ਸਿੱਖੋ’ ਪਹਿਲ ਤਹਿਤ ਦੋ ਸੂਬਿਆਂ ਨੂੰ ਇਕ ਦੂਜੇ ਨਾਲ ਜੋੜਿਆ ਗਿਆ ਹੈ, ਜਿਸ ਨਾਲ ਦੋਵੇਂ ਸੂਬਿਆਂ ਨੂੰ ਇਕ ਦੂਜੇ ਦੀਆਂ ਭਾਸ਼ਾਵਾਂ ਸਿੱਖਣ ਦਾ ਮੌਕਾ ਮਿਲੇਗਾ। ਇਸ ਨਿਵੇਕਲੀ ਪਹਿਲ ਤਹਿਤ ਪੰਜਾਬ ਨੂੰ ਆਂਧਰਾ ਪ੍ਰਦੇਸ਼ ਨਾਲ ਜੋੜਿਆ ਗਿਆ ਹੈ। ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ, ਐਸ.ਐਸ.ਪੀ. (ਦਿਹਾਤੀ) ਸਵਰਨਦੀਪ ਸਿੰਘ, ਕਮਿਸ਼ਨਰ ਨਗਰ ਨਿਗਮ ਦਵਿੰਦਰ ਸਿੰਘ, ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਲਖਵਿੰਦਰ ਸਿੰਘ ਜੌਹਲ ਤੇ ਰਮੇਸ਼ ਮਿੱਤਲ ਆਦਿ ਮੌਜੂਦ ਸਨ।