ਡਾ: ਅਵਨੀਸ਼ ਕੁਮਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਦਾ ਅਹੁਦਾ ਸੰਭਾਲਿਆ -ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
ਦੀਪਕ ਗਰਗ
ਫਰੀਦਕੋਟ 14 ਅਗਸਤ 2022 - ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਵਾਈਸ ਚਾਂਸਲਰ ਡਾ.ਰਾਜ ਬਹਾਦਰ ਦਾ ਅਸਤੀਫਾ ਪ੍ਰਵਾਨ ਕਰ ਲਿਆ ਸੀ, ਜਿਨ੍ਹਾਂ ਨੇ ਸਿਹਤ ਮੰਤਰੀ ਦੇ ਦੁਰਵਿਵਹਾਰ ਕਾਰਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਪੰਜਾਬ ਸਰਕਾਰ ਨੇ ਡਾਕਟਰ ਅਵਨੀਸ਼ ਕੁਮਾਰ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ (DRME) ਨੂੰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦਾ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਵਿਵਾਦ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਹੁਣ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਦੇ ਡੀਆਰਐਮਈ ਡਾ: ਅਵਨੀਸ਼ ਕੁਮਾਰ ਨੂੰ ਵਾਈਸ ਚਾਂਸਲਰ ਦਾ ਵਾਧੂ ਚਾਰਜ ਸੌਂਪ ਦਿੱਤਾ ਹੈ। ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਵਜੋਂ ਡਾ: ਅਵਨੀਸ਼ ਕੁਮਾਰ ਅਹੁਦਾ ਸੰਭਾਲਣ ਉਪਰੰਤ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ ਹੋਏ। ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਸਿਰੋਪਾਓ ਦੇਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਡਾ: ਅਵਨੀਸ਼ ਕੁਮਾਰ ਨੂੰ ਭਾਵੇਂ ਅਸਥਾਈ ਤੌਰ 'ਤੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ, ਪਰ ਯੂਨੀਵਰਸਿਟੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਵਾਈਸ ਚਾਂਸਲਰ ਦਾ ਕੰਮ ਚੁਣੌਤੀਪੂਰਨ ਹੈ, ਕਿਉਂਕਿ ਇੱਥੇ ਵੱਡੀ ਗਿਣਤੀ ਆਰਜ਼ੀ ਕਰਮਚਾਰੀਆਂ ਵੱਲੋਂ ਰੈਗੂਲਰ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਮੈਡੀਕਲ ਕਾਲਜ ਹਸਪਤਾਲ ਦੀ ਦੁਰਦਸ਼ਾ 'ਤੇ ਵੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਇਸ ਲਈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਡਾਕਟਰ ਅਵਨੀਸ਼ ਕੁਮਾਰ ਰਾਹੀਂ ਲੋਕਾਂ ਦੀਆਂ ਆਸਾਂ 'ਤੇ ਕਿਵੇਂ ਖਰੀ ਉਤਰਦੇ ਹਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਜਾਇਜ਼ਾ ਲੈਣ ਸਮੇਂ ਉਪ ਕੁਲਪਤੀ ਡਾ: ਰਾਜ ਬਹਾਦਰ ਨਾਲ ਬਦਸਲੂਕੀ ਕੀਤੀ ਸੀ | ਗੁੱਸੇ 'ਚ ਆ ਕੇ ਵਾਈਸ ਚਾਂਸਲਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਅਸਤੀਫ਼ੇ ’ਤੇ ਅੜੇ ਰਹੇ। ਅਖ਼ੀਰ ਸਰਕਾਰ ਨੂੰ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰਨਾ ਪਿਆ।