'ਆਮ ਆਦਮੀ ਮੁਹੱਲਾ ਕਲੀਨਿਕ' ਦਾ ਬੀਬੀ ਮਾਣੂੰਕੇ ਵੱਲੋਂ ਉਦਘਾਟਨ
ਦੀਪਕ ਜੈਨ
- ਸਿਵਲ ਹਸਪਤਾਲ ਦੇ ਡਾਕਟਰ ਕਿਓਂ ਕਰਨਗੇ ਇਲਾਜ: ਭਾਜਪਾ
ਜਗਰਾਓਂ, 15 ਅਗਸਤ 2022 - 75ਵੇਂ ਅਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 75 ਨਵੇਂ 'ਆਮ ਆਦਮੀ ਮੁਹੱਲਾ ਕਲੀਨਿਕ' ਸ਼ੁਰੂ ਕੀਤੇ ਗਏ ਹਨ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਵਿਖੇ ਵੀ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ 'ਆਮ ਆਦਮੀ ਮੁਹੱਲਾ ਕਲੀਨਿਕ' ਬਣਾਇਆ ਗਿਆ ਹੈ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਰੀਬਨ ਕੱਟਕੇ ਕੀਤਾ ਗਿਆ। ਇਸ ਮੌਕੇ ਉਹਨਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੈਡਮ ਦਲਜੀਤ ਕੌਰ ਅਤੇ ਐਸ.ਡੀ.ਐਮ.ਜਗਰਾਉਂ ਵਿਕਾਸ ਹੀਰਾ ਵੀ ਮੌਜੂਦ ਸਨ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹੁਣ ਮੱਧਵਰਗੀ ਅਤੇ ਗਰੀਬ਼ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਕੋਈ ਵੀ ਮਰੀਜ਼ ਦਵਾਈ ਤੋਂ ਵਾਂਝਾ ਨਹੀਂ ਰਹੇਗਾ।
'ਆਮ ਆਦਮੀ ਮੁਹੱਲਾ ਕਲੀਨਿਕਾਂ' ਵਾਸਤੇ ਇਹ ਸਟਾਫ਼ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਨਾਲੋਂ ਵੱਖਰੇ ਤੌਰ 'ਤੇ ਤੈਨਾਤ ਕੀਤਾ ਗਿਆ ਹੈ। ਬੀਬੀ ਮਾਣੂੰਕੇ ਨੇ ਦੱਸਿਆ ਇਸ ਮੁਹੱਲਾ ਕਲੀਨਿਕ ਵਿੱਚ 100 ਤੋਂ ਵੱਧ ਟੈਸਟ ਮੁਫ਼ਤ ਹੋਣਗੇ, ਦਵਾਈਆਂ ਮੁਫ਼ਤ ਮਿਲਣਗੀਆਂ, ਅਤਿ-ਅਧੁਨਿਕ ਤਰੀਕੇ ਨਾਲ ਮੁਢਲਾ ਇਲਾਜ਼ ਹੋਵੇਗਾ, ਇਲਾਜ਼ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਖੱਜਲ-ਖੁਆਰੀ ਖਤਮ ਹੋਵੇਗੀ, 90 ਪ੍ਰਤੀਸ਼ਤ ਹਲਕੇ ਦੇ ਲੋਕ ਇਲਾਜ਼ ਤੋਂ ਬਾਅਦ ਇਸ ਮੁਹੱਲਾ ਕਲੀਨਿਕ ਤੋਂ ਹੀ ਠੀਕ ਹੋ ਜਾਣਗੇ। ਉਹਨਾਂ ਦਾਅਵਾ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਸੀ, ਉਹ ਕਰ ਵਿਖਾਇਆ ਹੈ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਪੰਜਾਬ ਜੋਇੰਟ ਸਕੱਤਰ ਗੋਪੀ ਸ਼ਰਮਾ, ਐਸ.ਐਮ.ਓ.ਜਗਰਾਉਂ ਡਾ:ਪ੍ਰਦੀਪ ਮਹਿੰਦਰਾ, ਡਾ ਧੀਰਜ ਸਿੰਗਲਾ ਸਮੇਤ ਹੋਰ ਸਟਾਫ ਅਤੇ ਆਪ ਵਰਕਰ ਮੌਜੂਦ ਸਨ।
ਇਸ ਬਾਰੇ ਵਿਰੋਧੀ ਧਿਰ ਭਾਜਪਾ ਦੇ ਜਿਲਾ ਪ੍ਰਧਾਨ ਗੌਰਵ ਖੁੱਲਰ ਨੇ ਬੀਬੀ ਮਾਣੂਕੇ ਤੋਂ ਪੁੱਛਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕ ਖੋਲਣੇ ਹੀ ਸੀ ਤਾਂ ਨਵੇਂ ਡਾਕਟਰਾਂ ਦਾ ਸਟਾਫ ਕਿਓਂ ਨਹੀਂ ਲਗਾਇਆ ਅਤੇ ਓਨਾ ਦੀ ਥਾਂ ਇਹ ਕਿਹਾ ਜਾ ਰਿਹਾ ਹੈ ਕਿ ਇੰਨਾ ਡਾਕਟਰਾਂ ਨੂੰ ਵੱਖਰੇ ਤੌਰ 'ਤੇ ਤੈਨਾਤ ਕੀਤਾ ਗਿਆ ਹੈ। ਓਨਾ ਦਸਿਆ ਕਿ ਸਿਵਲ ਹਸਪਤਾਲ ਵਿਚ ਤਾਂ ਡਾਕਟਰਾਂ ਦੀ ਪਹਿਲਾਂ ਹੀ ਕਮੀ ਚਲ ਰਹੀ ਹੈ ਅਤੇ ਓਨਾ ਉਪਰ ਹੋਰ ਭਾਰ ਵਧਾ ਦਿੱਤਾ ਗਿਆ ਹੈ। ਖੁੱਲਰ ਨੇ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਡਾਕਟਰਾਂ ਨੂੰ ਮਰੀਜਾਂ ਦੀ ਸੇਵਾ ਕਰਨ ਦੀ ਥਾਂ ਮੁਖਮੰਤਰੀ ਦੇ ਸੇਵਾ ਲਈ ਦਿਨ ਰਾਤ ਬਿਠਾਇਆ ਗਿਆ ਹੈ। ਓਨਾ ਦਸਿਆ ਕਿ ਅੱਜ ਅਜਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਮੁਖਮੰਤਰੀ ਨੇ ਝੰਡੇ ਦੀ ਰਸਮ ਅਦਾ ਕਰਨੀ ਸੀ ਅਤੇ ਜਗਰਾਓਂ ਸਿਵਲ ਹਸਪਤਾਲ ਤੋਂ ਡਾਕਟਰਾਂ ਨੂੰ ਕਲ ਰਾਤ 8 ਤੋਂ ਸਵੇਰੇ 8 ਬਜੇ ਤਕ ਡਿਊਟੀ 'ਤੇ ਲਗਾਇਆ ਗਿਆ ਜੋਕਿ ਸਰਾਸਰ ਧੱਕੇਸ਼ਾਹੀ ਹੈ।