ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕੀਤੀ ਐਟ ਹੋਮ ਸਮਾਗਮ ਦੀ ਮੇਜ਼ਬਾਨੀ
ਚੰਡੀਗੜ੍ਹ, 15 ਅਗਸਤ 2022 - ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ ਵਿਖੇ ਕਰਵਾਏ ਗਏ 'ਐਟ ਹੋਮ' ਸਮਾਗਮ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਚੰਡੀਗੜ੍ਹ ਦੀਆਂ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ 5 ਵਜੇ ਰਾਜਪਾਲ ਦੇ ਸਮਾਗਮ ਵਾਲੀ ਥਾਂ 'ਤੇ ਪਹੁੰਚਣ ਨਾਲ ਹੋਈ। ਪੁਲਿਸ ਬੈਂਡ ਨੇ ਰਾਸ਼ਟਰੀ ਗਾਨ ਦੇ ਨਾਲ ਰਾਜਪਾਲ ਦਾ ਰਸਮੀ ਸਵਾਗਤ ਕੀਤਾ।
ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਰਾਜ ਭਵਨ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ ਜਿੱਥੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨਾਮਵਰ ਸ਼ਖਸੀਖਤਾਂ ਪਹੁੰਚੀਆਂ । ਰਾਜਪਾਲ ਨੇ ਹਾਜ਼ਰੀਨਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ। ਖ਼ਰਾਬ ਮੌਸਮ ਦੇ ਬਾਵਜੂਦ 'ਐਟ ਹੋਮ' ਸਮਾਰੋਹ ਵਿਚ ਹਾਜ਼ਰੀਨਾਂ ਦੀ ਗਿਣਤੀ ਕਾਫੀ ਰਹੀ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਰਾਜਪਾਲ ਹਰਿਆਣਾ ਸ੍ਰੀ ਭੰਡਾਰੂ ਦੱਤਾਤ੍ਰੇਆ, ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਹਰ ਲਾਲ ਖੱਟਰ, ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ, ਸੰਸਦ ਮੈਂਬਰ ਸ੍ਰੀ ਰਾਘਵ ਚੱਢਾ, ਮੇਅਰ ਸ੍ਰੀਮਤੀ ਸਰਬਜੀਤ ਕੌਰ, ਡਿਪਟੀ ਮੇਅਰ ਸ੍ਰੀ ਅਨੂਪ ਗੁਪਤਾ, ਪੰਜਾਬ ਕੈਬਨਿਟ ਦੇ ਮੰਤਰੀ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆ, ਰਾਜਪਾਲ ਦੇ ਪ੍ਰਮੁੱਖ ਸਕੱਤਰ, ਸ੍ਰੀ ਜੇ.ਐਮ. ਬਾਲਾਮੁਰੂਗਨ, ਸਲਾਹਕਾਰ ਯੂ.ਟੀ. ਸ੍ਰੀ ਧਰਮਪਾਲ, ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ, ਡੀ.ਜੀ.ਪੀ. ਚੰਡੀਗੜ੍ਹ ਸ੍ਰੀ ਪਰਵੀਰ ਰੰਜਨ ਸਮੇਤ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਸ਼ਾਮਲ ਸਨ।
ਸਮਾਰੋਹ ਵਿੱਚ ਪੱਛਮੀ ਕਮਾਂਡ ਚੰਡੀਮੰਦਰ ਦੇ ਅਧਿਕਾਰੀਆਂ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰੀ। ਇਸ ਦੇ ਨਾਲ ਹੀ ਸਮਾਗਮ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਅਕੈਡਮੀਆਂ ਦੇ ਚੇਅਰਮੈਨਾਂ ਸਮੇਤ ਕਈ ਸਿੱਖਿਆ ਸ਼ਾਸਤਰੀ ਅਤੇ ਬੁੱਧੀਜੀਵੀ ਵੀ ਹਾਜ਼ਰ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਸਾਲਿਸਟਰ ਅਟਾਰਨੀ ਜਨਰਲ, ਭਾਰਤ ਸਰਕਾਰ ਸ੍ਰੀ ਸਤਿਆਪਾਲ ਜੈਨ, ਰੀਜ਼ਨਲ ਡਾਇਰੈਕਟਰ, ਯੁਵਕ ਮਾਮਲੇ ਅਤੇ ਖੇਡ ਮੰਤਰਾਲਾ ਐਨਐਸਐਸ ਸ਼੍ਰੀਮਤੀ ਹਰਿੰਦਰ ਕੌਰ, ਡਾਇਰੈਕਟਰ ਐਨ.ਜ਼ੈਡ.ਸੀ.ਸੀ, ਸ੍ਰੀ ਫੁਰਕਾਨ ਖਾਨ ਪ੍ਰਧਾਨ, ਭਾਜਪਾ ਚੰਡੀਗੜ੍ਹ ਸ੍ਰੀ ਅਰੁਣ ਸੂਦ, ਸਾਬਕਾ ਪ੍ਰਧਾਨ, ਭਾਜਪਾ ਚੰਡੀਗੜ੍ਹ ਸ੍ਰੀ ਸੰਜੇ ਟੰਡਨ ਹਾਜ਼ਰ ਸਨ।