ਇਸ ਵਾਰ ਵੀ 16 ਅਗਸਤ ਦੀ ਛੁੱਟੀ ਨੂੰ ਲੈ ਕੇ ਅਧਿਆਪਕ ਭੰਬਲਭੂਸੇ 'ਚ !
- ਸੁਤੰਤਰਤਾ ਦਿਵਸ ਮਨਾਉਣ ਤੋਂ ਬਾਅਦ ਸਰਕਾਰ 16 ਅਗਸਤ ਦੀ ਛੁੱਟੀ ਨੂੰ ਲੈਕੇ ਪੂਰੇ ਪੰਜਾਬ ਵਿੱਚ ਇੱਕੋ ਜਿਹਾ ਫੈਸਲਾ ਲਾਗੂ ਕਰੇ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 15 ਅਗਸਤ, 2022: ਅੱਜ ਸੁਤੰਤਰਤਾ ਦਿਵਸ 'ਤੇ 15 ਅਗਸਤ ਨੂੰ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ, ਬਲਾਕ ਪੱਧਰ ਅਤੇ ਸਕੂਲ ਪੱਧਰ ਤੇ ਦੇਸ਼ ਦਾ 75ਵਾ ਆਜ਼ਾਦੀ ਦਿਵਸ ਮਨਾਉਣ ਲਈ ਪ੍ਰੋਗਰਾਮ ਕੀਤੇ ਗਏ। ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਤਰੀਆਂ ਅਤੇ ਅਫ਼ਸਰਾਂ ਨੇ ਕਈ ਥਾਈਂ ਛੁੱਟੀ ਦਾ ਐਲਾਨ ਕੀਤਾ। ਕਈ ਥਾਵਾਂ ਤੇ ਜ਼ਿਲ੍ਹੇ ਵਿੱਚ ਛੁੱਟੀ ਕੀਤੀ ਗਈ, ਕਈ ਥਾਵਾਂ ਤੇ ਸਿਰਫ਼ ਭਾਗ ਲੈਣ ਵਾਲੇ ਸਕੂਲਾਂ ਨੂੰ ਅਤੇ ਕਈ ਥਾਵਾਂ ਤੇ ਸਿਰਫ਼ ਭਾਗ ਲੈਣ ਵਾਲੇ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਛੁੱਟੀ ਕੀਤੀ ਗਈ।
ਇੱਥੇ ਜ਼ਿਕਰਯੋਗ ਹੈ ਕਿ ਕੁਝ ਸਕੂਲਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਤੇ ਪ੍ਰੋਗਰਾਮਾਂ ਵਿੱਚ ਭਾਗ ਲਿਆ, ਉਨ੍ਹਾਂ ਨੂੰ ਮੰਤਰੀ ਸਹਿਬਾਨਾਂ ਨੇ ਛੁੱਟੀ ਕਰ ਦਿੱਤੀ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਸਕੂਲਾਂ ਨੇ ਬਲਾਕ ਪੱਧਰ ਤੇ ਭਾਗ ਲਿਆ ਅਤੇ ਸਕੂਲ ਪੱਧਰ ਤੇ ਪ੍ਰੋਗਰਾਮ ਕੀਤੇ। ਹਰੇਕ ਸਕੂਲ ਨੇ ਕਿਸੇ ਨਾ ਕਿਸੇ ਪੱਧਰ ਉਪਰ ਅੱਜ ਆਜ਼ਾਦੀ ਦਿਵਸ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਪਰ ਫਿਰ ਵੀ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਧਿਆਪਕ 16 ਅਗਸਤ ਸੀ ਛੁੱਟੀ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ, ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਐਲਾਨ ਕੀਤੇ ਗਏ। ਇਸ ਤਰ੍ਹਾਂ ਕਰਨ ਨਾਲ 16 ਅਗਸਤ ਦੀ ਸਵੇਰ ਤੱਕ ਅਧਿਆਪਕ ਅਤੇ ਵਿਦਿਆਰਥੀ ਦੁਚਿੱਤੀ ਵਿੱਚ ਫਸੇ ਰਹਿਣਗੇ ਕਿ ਇਸ ਦਿਨ ਛੁੱਟੀ ਹੈ ਜਾਂ ਨਹੀਂ?
ਇਸ ਲਈ ਸਰਕਾਰ ਨੂੰ ਪਹਿਲਾਂ ਤੋਂ ਹੀ ਪੂਰੇ ਪੰਜਾਬ ਵਿਚ ਇੱਕੋ ਤਰ੍ਹਾਂ ਦਾ ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਪੂਰੇ ਪੰਜਾਬ ਵਿੱਚ ਇੱਕੋ ਤਰੀਕੇ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਅਧਿਆਪਕ ਅਤੇ ਵਿਦਿਆਰਥੀ ਇਸ ਤਰ੍ਹਾਂ ਦੀ ਦੁਚਿੱਤੀ ਅਤੇ ਭੰਬਲਭੂਸੇ ਵਿਚ ਨਾ ਪੈਣ ਅਤੇ ਉਹ ਸਕੂਲ ਆਉਣ ਅਤੇ ਨਾ ਆਉਣ ਬਾਰੇ ਸਪਸ਼ਟ ਹੋਣ, ਜਿਸ ਨਾਲ ਹਫੜਾ ਦਫੜੀ ਵਾਲਾ ਮਾਹੌਲ ਨਾ ਬਣੇ।