‘ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ' ਕਿਸਾਨਾਂ ਅਤੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਸਕਦੀ - ਡਿਪਟੀ ਕਮਿਸ਼ਨਰ
- ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ 40 ਪ੍ਰਤੀਸ਼ਤ ਤੋਂ 60 ਪ੍ਰਤੀਸ਼ਤ ਸਬਸਿਡੀ ਦੀ ਯੋਜਨਾ
- 5 ਸਤੰਬਰ ਤੋਂ 9 ਸਤੰਬਰ 2022 ਤੱਕ ਦਿੱਤੀ ਜਾਵੇਗੀ ਸਿਖਲਾਈ
ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 19 ਅਗਸਤ 2022 :ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਭਾਰਤ ਸਰਕਾਰ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਉਲੀਕੀ ਗਈ ਸਕੀਮ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ) 2022-23 ਅਧੀਨ ਮੱਛੀ ਪਾਲਣ ਵਿਭਾਗ ਵੱਲੋਂ ਰਾਜ ਵਿਚ ਲਾਗੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਮੱਛੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਨਾਉਣ ਲਈ ਅਤੇ ਜ਼ਿਲ੍ਹੇ ਦੇ ਲੋਕਾਂ ਅਤੇ ਖਾਸਕਰ ਨੌਜਵਾਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਯੋਜਨਾ 5 ਸਾਲਾਂ ਲਈ ਲਿਆਂਦੀ ਗਈ ਹੈ।ਇਸ ਯੋਜਨਾ ਅਧੀਨ ਮੱਛੀ ਪਾਲਣ ਲਈ ਨਵੀਨ ਤਕਨੀਕਾਂ ਦਾ ਵਿਸਥਾਰ ਕੀਤਾ ਜਾਣਾ ਹੈ।
ਉਹਨਾਂ ਕਿਹਾ ਕਿ ਇਹ ਯੋਜਨਾ ਕਿਸਾਨਾਂ ਅਤੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ। ਇਸ ਯੋਜਨਾ ਅਧੀਨ ਕਿਸਾਨਾਂ ਨੂੰ ਨਵੇਂ ਮੱਛੀ ਤਲਾਬ ਬਣਾਉਣ ਲਈ, ਸਲਾਇਨ/ਅਲਕੇਲਾਈਨ ਰਕਬਿਆਂ ਵਿਚ ਝੀਂਗਾ ਪਾਲਣ ਤਲਾਬ ਬਣਾਉਣ ਲਈ, ਸਮਾਲ ਬਾਇਓਬਲਾਕ ਯੂਨਿਟ ਦੀ ਸਥਾਪਨਾ, ਮੱਛੀ ਨੂੰ ਘਰ-ਘਰ ਸਪਲਾਈ ਕਰਨ ਲਈ ਮੋਟਰਸਾਈਕਲ ਵਿੱਚ ਆਈਸਬੋਕਸ ਦੀ ਖਰੀਦ ਕਰਨ ਅਤੇ ਮਿੰਨੀ ਟਿਸ਼ੂ ਫੀਡ ਮਿੱਲ ਲਗਾਉਣ ਆਦਿ ਦੇ ਪ੍ਰੋਜੈਕਟ ਲਗਾਉਣ ਵਾਸਤੇ ਯੂਨਿਟ ਕਾਸਟ ਦਾ ਜਨਰਲ ਕੈਟਾਗਰੀ ਨੂੰ 40% ਅਤੇ ਐਸ. ਸੀ. ਐਸ. ਟੀ. ਔਰਤਾਂ ਅਤੇ ਉਨ੍ਹਾਂ ਦੀਆਂ ਸਹਿਕਾਰੀ ਸੰਸਥਾਵਾਂ ਲਈ ਯੂਨਿਟ ਕਾਸਟ ਦਾ 60% ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਯੋਜਨਾ ਨੂੰ ਜ਼ਿਲ੍ਹਾ ਮੋਗਾ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਵਾਸਤੇ ਕਿਹਾ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇ।
ਸ੍ਰ ਦਲਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਮੋਗਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਨਾਲ ਜੁੜੇ ਇਨ੍ਹਾਂ ਪ੍ਰੋਜੈਕਟਾਂ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਨੌਜਵਾਨਾਂ ਨੂੰ ਇਸ ਯੋਜਨਾ ਨਾਲ ਜੋੜਨ ਲਈ ਹਰੇਕ ਮਹੀਨੇ ਪੰਜ ਦਿਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜੌ ਕਿ ਅਗਲੇ 5 ਸਤੰਬਰ ਤੋਂ 9 ਸਤੰਬਰ 2022 ਤੱਕ ਦਿੱਤੀ ਜਾਵੇਗੀ।
ਇਸ ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਹਰਵੀਨ ਕੌਰ, ਲੀਡ ਬੈਂਕ ਮੈਨੇਜਰ ਸ਼੍ਰੀਮਤੀ ਸਰਿਤਾ ਜੈਸਵਾਲ, ਮੱਛੀ ਅਫ਼ਸਰ ਸ੍ਰ ਬਲਜੋਧ ਸਿੰਘ ਮਾਨ, ਮੱਛੀ ਪਸਾਰ ਅਫ਼ਸਰ ਸ਼੍ਰੀਮਤੀ ਮਨਜੋਤ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।