ਲਿੰਗ ਨਿਰਧਾਰਨ ਟੈੱਸਟ ਐਕਟ 1994 ਸਬੰਧੀ ਸੈਮੀਨਾਰ ਕਰਵਾਇਆ
ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਬਲਾਕ ਦੇ 7 ਪਿੰਡ ਰਾਜ ਪੁਰਸਕਾਰ ਨਾਲ ਹੋ ਚੁੱਕੇ ਹਨ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 19 ਅਗਸਤ 2022- ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਐੱਸ.ਐਮ.ਓ ਡਾ.ਰਾਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਪਿੰਡ ਕਲੇਰ ਵਿਖੇ ਮਮਤਾ ਦਿਵਸ ਮੌਕੇ ਲਿੰਗ ਨਿਰਧਾਰਨ ਟੈੱਸਟ ਐਕਟ 1994 ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਮੰਤਵ ਭਰੂਣ ਹੱਤਿਆ ਨੂੰ ਰੋਕਣਾ ਅਤੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਵਧਾਉਣ ਲਈ ਐਕਟ ਸਬੰਧੀ ਜਾਣਕਾਰੀ ਦੇਣਾ ਸੀ।ਇਸ ਮੌਕੇ ਤੇ ਲਿੰਗ ਨਿਰਧਾਰਨ ਟੈੱਸਟ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਇਸ ਐਕਟ ਦੀ ਉਲੰਘਣਾ,ਧਰਾਵਾਂ ਅਤੇ ਸਜ਼ਾਵਾਂ ਬਾਰੇ ਵਿਚਾਰ ਪੇਸ਼ ਕੀਤੇ। ਗਰਭਵਤੀ ਔਰਤਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਕੋਈ ਵੀ ਬਿਮਾਰੀ ਸਬੰਧੀ ਜਾਂਚ ਕਰਨ ਲਈ ਇਹ ਐਕਟ ਬਣਾਇਆ ਗਿਆ ਸੀ ਪਰ ਲਿੰਗ ਦੀ ਜਾਂਚ ਕਰਨਾ ਇਸ ਐਕਟ ਅਧੀਨ ਇੱਕ ਅਪਰਾਧ ਹੈ ਉਨਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਲਿੰਗ ਨਿਰਧਾਰਤ ਟੈੱਸਟ ਕਰਵਾਉਣ ਅਤੇ ਕਰਨ ਵਾਲੇ ਸਬੰਧੀ ਜਾਣਕਾਰੀ ਸਿਵਲ ਸਰਜਨ ਫਰੀਦਕੋਟ ਨੂੰ ਦਿੱਤੀ ਜਾਵੇ,ਸੂਚਨਾਂ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਫੀਲਡ ਸਟਾਫ ਨੂੰ ਵੀ ਸਲਾਹ ਦਿੱਤੀ ਕਿ ਲਿੰਗ ਨਿਰਧਾਰਨ ਐਕਟ 1994 ਸਬੰਧੀ ਜਾਣਕਾਰੀ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ ਸਬੰਧੀ ਹਰ ਟੀਕਾਕਰਨ ਮੌਕੇ ਚਰਚਾ ਦਾ ਵਿਸ਼ਾ ਬਣਾਇਆ ਜਾਵੇ ਤਾਂ ਜੋ ਇਸ ਸਬੰਧੀ ਜਾਗਰੂਕਤਾ ਘਰ-ਘਰ ਪਹੁੰਚ ਸਕੇ।ਉਨ੍ਹਾਂ ਦੱਸਿਆ ਕਿ ਬਲਾਕ ਜੰਡ ਸਾਹਿਬ ਦੇ 7 ਪਿੰਡਾਂ ਨੂੰ ਬੇਟੀ-ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਰਾਜ ਪੁਰਸਕਾਰ ਅਤੇ 2-2 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਹੋਣ ਦਾ ਮਾਣ ਵੀ ਹਾਸਲ ਹੋ ਚੁੱਕਾ ਹੈ।ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਸ਼ਿੰਦਰਪਾਲ ਕੌਰ ਅਤੇ ਆਸ਼ਾ ਵਰਕਰ ਗੁਰਮੇਜ ਕੌਰ ਨੇ ਗਰਭਵਤੀ ਔਰਤ ਅਤੇ ਬੱਚੇ ਦੀ ਸੰਤੁਲਿਤ ਖੁਰਾਕ, ਟੀਕਾਕਰਨ,ਸੁਰੱਖਿਅਤ ਜਨੇਪੇ ਅਤੇ ਭਿਆਨਕ ਬਿਮਾਰੀਆਂ ਤੋਂ ਬਚਾਅ ਸਬੰਧੀ ਵਿਚਾਰ ਪੇਸ਼ ਕੀਤੇ।ਸੈਮੀਨਾਰ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਆਲਾ ਦੁਆਲਾ ਸਾਫ ਰੱਖਣ ਅਤੇ ਚੰਗੀ ਜੀਵਣ ਸ਼ੈਲੀ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।ਪਿੰਡ ਦੀ ਨੁਹਾਰ ਬਦਲਣ ਲਈ ਪੇਂਡੂ ਸਿਹਤ,ਸਫਾਈ ਅਤੇ ਖੁਰਾਕ ਕਮੇਟੀ ਦੀ ਮਹੀਨਾਵਾਰ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ।ਅੰਤ ਵਿੱਚ ਮਾਸ ਮੀਡੀਆ ਬ੍ਰਾਂਚ ਅਤੇ ਪੀ.ਐਨ.ਡੀ.ਟੀ ਸਾਖਾ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ।
ਲਿੰਗ ਨਿਰਧਾਰਨ ਟੈੱਸਟ ਐਕਟ ਸਬੰਧੀ ਜਾਣਕਾਰੀ ਦਿੰਦ ਹੋਏ ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਅਤੇ ਹੈਲਥ ਵਰਕਰ ਸ਼ਿੰਦਰਪਾਲ ਕੌਰ ।