ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਡੰਪ ਸਾਈਟ ਤੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਕੀਤਾ ਦੌਰਾ
-ਨਗਰ ਨਿਗਮ ਨੂੰ ਮਿਊਂਸੀਪਲ ਸਾਲਿਡ ਵੇਸਟ ਰੂਲਜ਼ ਦੀ ਪਾਲਣਾ ਯਕੀਨੀ ਬਣਾਉਣ ਦੀ ਕੀਤੀ ਹਦਾਇਤ
ਹੁਸ਼ਿਆਰਪੁਰ, 19 ਅਗਸਤ 2022: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਸ਼੍ਰੀ ਸੰਦੀਪ ਬਹਿਲ, ਵਾਤਾਵਰਣ ਇੰਜੀਨੀਅਰ ਸ਼੍ਰੀ ਸ਼ਿਵ ਕੁਮਾਰ ਤੇ ਸਹਾਇਕ ਵਾਤਾਵਰਣ ਇੰਜੀਨੀਅਰ ਸ਼੍ਰੀ ਗੁਰਿੰਦਰਪਾਲ ਸਿੰਘ ਵਲੋਂ ਹੁਸ਼ਿਆਰਪੁਰ ਸ਼ਹਿਰ ਦੀ ਡੰਪ ਸਾਈਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਪ੍ਰਤੀਨਿੱਧ ਵਜੋਂ ਸੈਨੇਟਰੀ ਇੰਸਪੈਕਟਰ ਸ਼੍ਰੀ ਰਾਜੇਸ਼ ਕੁਮਾਰ ਮੌਜੂਦ ਸਨ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਇਸ ਦੌਰਾਨ ਜਿਥੇ ਨਗਰ ਨਿਗਮ ਅਧਿਕਾਰੀਆਂ ਨੂੰ ਕੂੜੇ ਨੂੰ ਸੈਗਰੀਗੇਟ ਕਰਨ ਤੇ ਨਿਯਮਾਂ ਮੁਤਾਬਕ ਇਸ ਦੀ ਸੰਭਾਲ ਕਰਨ ਲਈ ਕਿਹਾ, ਉਥੇ ਮਿਊਂਸੀਪਲ ਸਾਲਿਡ ਵੇਸਟ ਰੂਲਜ਼ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਨਿਰਦੇਸ਼ ਵੀ ਦਿੱਤੇੇ।
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਇਸ ਤੋਂ ਬਾਅਦ ਸ਼ਹਿਰ ਦੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਵੀ ਦੌਰਾ ਕਰਕੇ ਇਸ ਦੀ ਪੂਰਨ ਚੈਕਿੰਗ ਕੀਤੀ। ਮੌਕੇ ’ਤੇ ਐਸ.ਟੀ.ਪੀ. ਓਪਰੇਟਿੰਗ ਏਜੰਸੀ ਵਲੋਂ ਦੱਸਿਆ ਗਿਆ ਕਿ ਐਸ.ਟੀ.ਪੀ. ਦੁਆਰਾ ਸਬੰਧਤ ਪਾਣੀ ਨੂੰ ਚੋਅ ਵਿਚ ਛੱਡਿਆ ਜਾਂਦਾ ਹੈ ਜੋ ਕਿ ਕਿਸਾਨਾਂ ਵਲੋਂ ਆਪਣੀ ਜ਼ਰੂਰਤ ਅਨੁੁਸਾਰ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਸੋਧੇ ਪਾਣੀ ਨੂੰ ਪੂਰਨ ਤੌਰ ’ਤੇ ਭੂਮੀ ਸੰਭਾਲ ਵਿਭਾਗ ਵਲੋਂ ਪੱਕੇ ਚੈਨਲ ਬਣਾ ਕੇ ਸਿੰਚਾਈ ਕਰਨ ਲਈ ਵੀ ਕਿਹਾ।