ਪੰਚਾਇਤੀ ਜਮੀਨ 'ਚ ਝੰਡਾ ਚਾੜ੍ਹਨ ਦੇ ਸੱਦੇ ਤਹਿਤ ਬਲਾਕ ਲਹਿਰਾਗਾਗਾ ਅਤੇ ਦਿੜ੍ਹਬਾ 'ਚ ਲਾਮਬੰਦੀ ਮੀਟਿੰਗਾਂ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 19 ਅਗਸਤ, 2022: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਹੇੜੀਕੇ ਚ 25 ਅਗਸਤ ਨੂੰ ਪੰਚਾਇਤੀ ਜਮੀਨ ਚ ਝੰਡਾ ਚਾੜਨ ਦੇ ਸੱਦੇ ਤਹਿਤ ਬਲਾਕ ਲਹਿਰਾਗਾਗਾ-ਦਿੜ੍ਹਬਾ ਦੀ ਤਿਆਰੀਆਂ ਲਈ ਮੀਟਿੰਗ ਕੀਤੀ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਬਿੱਕਰ ਸਿੰਘ ਹਥੋਆ ਅਤੇ ਗੁਰਦਾਸ ਸਿੰਘ ਜਲੂਰ ਨੇ ਦੱਸਿਆ ਕਿ ਪਿੰਡ ਹੇੜੀਕੇ ਦੇ ਐਸਸੀ ਭਾਈਚਾਰੇ ਨੂੰ ਜ਼ਮੀਨ ਦਾ ਹੱਕ ਦਿਵਾਉਣ ਅਤੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਖਿਲਾਫ ਬਲਾਕ ਦੇ ਪਿੰਡ ਜਲੂਰ, ਭੁਟਾਲ ਕਲਾਂ, ਸ਼ਾਦੀਹਰੀ, ਸਮੂਰਾਂ, ਬਿਜਲਪੁਰ, ਰਾਏਧਰਾਣਾ, ਢੰਡੋਲੀ ਕਲਾਂ, ਘੋੜੇਨਾਵ, ਆਦਿ ਪਿੰਡਾਂ ਦੇ ਸਰਗਰਮ ਕਾਰਕੁੰਨਾ ਦੀ ਮੀਟਿੰਗ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਅੰਦਰ ਬੀਡੀਪੀਓ ਦਫਤਰ ਸ਼ੇਰਪੁਰ ਵਿੱਚ ਭਾਰੀ ਪੁਲੀਸ ਫੋਰਸ ਲਾ ਕੇ ਪਿੰਡ ਹੇੜੀਕੇ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਕਰਵਾਈ ਗਈ, ਜਿਸ ਦਾ ਸਿੱਧਾ ਮਤਲਬ ਲੋੜਵੰਦ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਜ਼ਮੀਨੀ ਹੱਕ ਤੋਂ ਵਾਂਝੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਡੰਮੀ ਬੋਲੀ ਦਾ ਵਿਰੋਧ ਕਰਨ ਵਾਲੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪੇਂਡੂ ਧਨਾਢ ਚੌਧਰੀਆਂ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਇਹ ਸਭ ਕੁਝ ਮੁੱਖ ਮੰਤਰੀ ਦੇ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਸ ਦਲਿਤ ਵਿਰੋਧੀ ਚਿਹਰੇ ਨੂੰ ਨੰਗਾ ਕਰਨ ਅਤੇ ਡੰਮੀ ਬੋਲੀ ਰੱਦ ਕਰਾ ਕੇ ਪੱਕੇ ਤੌਰ ਤੇ ਐੱਸਸੀ ਭਾਈਚਾਰੇ ਨੂੰ ਪੰਜਾਬ ਦੇ ਸਮੁੱਚੇ ਦਲਿਤ ਭਾਈਚਾਰੇ ਵੱਲੋਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਹੇੜੀਕੇ ਦੀ ਪੰਚਾਇਤੀ ਜ਼ਮੀਨ ਦਾ ਹੱਕ ਉੱਥੋਂ ਦੇ ਦਲਿਤਾਂ ਨੂੰ ਦਿਵਾਉਣ ਲਈ ਪਿੰਡ ਹੇੜੀਕੇ ਦੀ ਜਮੀਨ ਚ 25 ਅਗਸਤ ਨੂੰ ਪੰਚਾਇਤੀ ਜਮੀਨ 'ਚ ਕਬਜਾ ਕਰਕੇ ਝੰਡਾ ਚਾੜਿਆ ਜਾਵੇਗਾ, ਜਿਸ ਦੀ ਤਿਆਰੀ ਲਈ ਲਹਿਰਾਗਾਗਾ ਦਿੜ੍ਹਬਾ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਕਰਨ ਦੀ ਵਿਉਂਤ ਬਣਾਈ ਗਈ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਬਲਾਕ ਵਿਚੋਂ ਵੱਡੀ ਗਿਣਤੀ 25 ਅਗਸਤ ਨੂੰ ਪਿੰਡ ਹੇੜੀਕੇ ਪਹੁੰਚੇਗੀ। ਇਸ ਤੋਂ ਬਿਨਾਂ ਅੰਮ੍ਰਿਤ ਬਣਨ ਦੀ ਨਾਂ ਹੇਠ ਵਾਹੀਯੋਗ ਜ਼ਮੀਨਾਂ ਵਿੱਚ ਦਰਖਤ ਲਾਉਣ ਦੀ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਐੱਸਸੀ ਭਾਈਚਾਰੇ ਦੀ ਕਿਸੇ ਵੀ ਜ਼ਮੀਨ ਉੱਪਰ ਦਰੱਖਤ ਨਹੀਂ ਲਗਾਉਣ ਦਿੱਤੇ ਜਾਣਗੇ।
ਇਸ ਮੌਕੇ ਲਖਵਿੰਦਰ ਸਿੰਘ ਸ਼ਾਦੀਹਰੀ, ਲੀਲਾ ਸਿੰਘ ਭੁਟਾਲ ਕਲਾਂ, ਦਰਸ਼ਨ ਸਿੰਘ, ਕਾਲਾ ਸਿੰਘ, ਢੰਡੋਲੀ ਕਲਾਂ, ਮਾੜੂ ਸਿੰਘ ਸਮੂਰਾਂ, ਸਤਿਗੁਰ ਸਿੰਘ ਰਾਏਧਰਾਣਾ, ਜਗਤਾਰ ਸਿੰਘ ਰਾਏਧਰਾਣਾ, ਆਦਿ ਹਾਜ਼ਰ ਸਨ।